Punjab

ਸ਼ਰਾਬ ਹਾਦਸੇ ਵਿੱਚ ਮਾਰੇ ਗਏ ਪਰਿਵਾਰਾਂ ਦਾ ਸਾਰਾ ਖਰਚਾ ਚੁੱਕੇਗੀ ਸਰਕਾਰ

ਹਾਦਸੇ ਦੇ ਪੀੜਤਾਂ ਨੂੰ ਦਿੱਤੇ ਮੁਆਵਜ਼ਾ ਰਾਸ਼ੀ ਦੇ ਚੈੱਕ

ਅੰਮ੍ਰਿਤਸਰ, 19 ਮਈ- ਕੈਬਨਿਟ ਮੰਤਰੀ ਸ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪਿੰਡ ਭੰਗਵਾਂ ਵਿਖੇ ਪਹੁੰਚ ਕੇ ਸ਼ਰਾਬ ਹਾਦਸੇ ਦੇ ਉਹਨਾਂ ਪੀੜਿਤ ਪਰਿਵਾਰਾਂ ਨੂੰ ਮੁੱਖ ਮੰਤਰੀ ਪੰਜਾਬ ਵੱਲੋਂ ਐਲਾਨੀ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ, ਜੋ ਕਿ ਪਹਿਲੇ ਦਿਨ ਦਿੱਤੇ ਮੁਆਵਜੇ ਸਮੇਂ ਬਾਕੀ ਰਹਿ ਗਏ ਸਨ। ਉਹਨਾਂ ਅੱਜ ਇਸ ਪਿੰਡ ਦੇ ਪੀੜਿਤ ਚਾਰ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ। ਇਸ ਮੌਕੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਸ ਧਾਲੀਵਾਲ ਨੇ ਕਿਹਾ ਕਿ ਇਸ ਹਾਦਸੇ ਨਾਲ ਕਈ ਘਰਾਂ ਦੇ ਕਮਾਊ ਜੀਅ ਘਰੋਂ ਤੁਰ ਗਏ ਹਨ। ਸਰਕਾਰ ਨੇ ਆਪਣਾ ਫਰਜ਼ ਸਮਝਦੇ ਹੋਏ ਇਹਨਾਂ ਪਰਿਵਾਰਾਂ ਨੂੰ 10-10 ਲੱਖ ਰੁਪਏ ਦੀ ਆਰਥਿਕ ਸਹਾਇਤਾ ਮੁਆਵਜੇ ਵਜੋਂ ਦਿੱਤੀ ਹੈ। ਇਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਨੇ ਇਹ ਵੀ ਐਲਾਨ ਕੀਤਾ ਹੈ ਕਿ ਇਹਨਾਂ ਮ੍ਰਿਤਕਾਂ ਦੇ ਸਸਕਾਰ ਅਤੇ ਭੋਗ ਉੱਤੇ ਆਉਣ ਵਾਲਾ ਸਾਰਾ ਖਰਚ ਵੀ ਅਸੀਂ ਕਰਾਂਗੇ। ਇਸ ਤੋਂ ਇਲਾਵਾ ਜੋ ਬੱਚੇ ਪੜ੍ਨ ਯੋਗ ਹਨ ਉਹਨਾਂ ਨੂੰ ਪੜ੍ਹਾਇਆ ਵੀ ਜਾਵੇਗਾ। ਉਹਨਾਂ ਨੇ ਹਾਜ਼ਰ ਅਧਿਕਾਰੀਆਂ ਨੂੰ ਇਹ ਵੀ ਹਦਾਇਤ ਕੀਤੀ ਕਿ ਜਿਨਾਂ ਪਰਿਵਾਰਾਂ ਦੇ ਕੋਲ ਕੱਚੇ ਘਰ ਹਨ ਜਾਂ ਰਹਿਣ ਲਈ ਛੱਤ ਨਹੀਂ ਹੈ, ਉਹਨਾਂ ਦੇ ਕੇਸ ਵੀ ਦਿੱਤੇ ਜਾਣ ਤਾਂ ਜੋ ਉਹਨਾਂ ਨੂੰ ਪੱਕਾ ਘਰ ਬਣਾ ਕੇ ਦਿੱਤਾ ਜਾ ਸਕੇ। ਧਾਲੀਵਾਲ ਨੇ ਪਿੰਡ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਇਹਨਾਂ ਲੋੜਵੰਦ ਪਰਿਵਾਰਾਂ ਦੀ ਬਾਂਹ ਫੜਨ ਤਾਂ ਜੋ ਇਹ ਆਪਣਾ ਔਖਾ ਸਮਾਂ ਕੱਟ ਸਕਣ। ਉਹਨਾਂ ਕਿਹਾ ਕਿ ਹਾਦਸੇ ਦੇ ਦੋਸ਼ੀਆਂ ਨੂੰ ਫੜ ਲਿਆ ਗਿਆ ਹੈ ਅਤੇ ਪੁਲਿਸ ਆਪਣਾ ਕੰਮ ਕਰ ਰਹੀ ਹੈ। ਸਰਕਾਰ ਇਹਨਾਂ ਮੌਤ ਤੇ ਸੌਦਾਗਰਾਂ ਨੂੰ ਸਖਤ ਤੋਂ ਸਖਤ ਸਜ਼ਾ ਦਿਵਾਉਣ ਲਈ ਚਾਰਜੋਈ ਕਰੇਗੀ ਤਾਂ ਜੋ ਭਵਿੱਖ ਵਿੱਚ ਇਹੋ ਜਿਹੀਆਂ ਅਣਹੋਣੀਆਂ ਘਟਨਾਵਾਂ ਨਾ ਵਾਪਰਨ।  ਇਸ ਮੌਕੇ ਹਲਕਾ ਇੰਚਾਰਜ ਸ ਜਗਵਿੰਦਰਪਾਲ ਸਿੰਘ ਜੱਗਾ ਮਜੀਠਾ ਅਤੇ ਪਾਰਟੀ ਦੇ ਹੋਰ ਮੋਹਤਬਰ ਵੀ ਉਹਨਾਂ ਦੇ ਨਾਲ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button