Punjab

ਸਹਿਕਾਰੀ ਸਭਾ ਦੇ ਸਕੱਤਰ ’ਤੇ ਦਫਤਰ ’ਚ ਵੜ ਕੇ ਕੀਤਾ ਹਮਲਾ

ਲੁਧਿਆਣਾ,  22 ਸਤੰਬਰ : ਪਿੰਡ ਨੂਰਵਾਲਾ ਦੀ ਸਹਿਕਾਰੀ ਖੇਤੀਬਾੜੀ ਸੁਸਾਇਟੀ ’ਚ ਬਤੌਰ ਸਕੱਤਰ ਕੰਮ ਕਰ ਰਹੇ ਗੁਰਬਖਸ਼ ਸਿੰਘ ਉੱਪਰ ਪਿੰਡ ਨੂਰਵਾਲਾ ਦੇ ਹੀ ਇੱਕ ਵਿਅਕਤੀ ਨੇ ਦਫਤਰ ’ਚ ਦਾਖਲ ਹੋ ਕੇ ਹਮਲਾ ਕਰ ਦਿੱਤਾ। ਹਮਲਾ ਕਰਨ ਵਾਲੇ ਵਿਅਕਤੀ ਨੇ ਸੋਸਾਇਟੀ ਦੇ ਦਫਤਰ ’ਚ ਪਹਿਲਾਂ ਗੁਰਬਖਸ਼ ਸਿੰਘ ’ਤੇ ਨਿਰਧਾਰਿਤ ਮਿਆਦ ਨਾਲੋਂ ਵੱਧ ਡੀਏਪੀ ਖਾਦ ਦੇਣ ਲਈ ਦਬਾਅ ਬਣਾਇਆ ਪਰ ਸਕੱਤਰ ਵੱਲੋਂ ਕਾਨੂੰਨ ਦਾ ਹਵਾਲਾ ਦੇ ਕੇ ਹੋਰ ਖਾਦ ਦੇਣ ਤੋਂ ਮਨ੍ਹਾ ਕਰਦੇ ਹੀ ਉਕਤ ਵਿਅਕਤੀ ਨੇ ਦਫਤਰ ’ਚ ਖੜ੍ਹੇ ਗੁਰਬਖਸ਼ ਸਿੰਘ ਨਾਲ ਗਾਲੀ-ਗਲੋਚ ਕਰ ਕੇ ਕੁੱਟਮਾਰ ਕੀਤੀ। ਪੀੜਤ ਮੁਤਾਬਕ ਇਸ ਵਾਰਦਾਤ ਦੀ ਸ਼ਿਕਾਇਤ ਥਾਣਾ ਮਿਹਰਬਾਨ ਪੁਲਿਸ ਕੋਲ ਦਰਜ ਕਰਵਾ ਦਿੱਤੀ ਗਈ ਹੈ ਪਰ ਘਟਨਾ ਦੇ ਇੱਕ ਹਫਤਾ ਬੀਤਣ ਦੇ ਬਾਵਜੂਦ ਪੁਲਿਸ ਨੇ ਮੁਲਜ਼ਮ ਖਿਲਾਫ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਨੂਰਵਾਲਾ ਮਲਟੀਪਰਪਜ਼ ਕੋ-ਆਪ੍ਰੇਟਿਵ ਐਗਰੀਕਲਚਰ ਸੋਸਾਇਟੀ ’ਚ ਬਤੌਰ ਸਕੱਤਰ ਸੇਵਾ ਦੇ ਰਹੇ ਪਿੰਡ ਸੁਜਾਤਵਾਲਾ ਵਾਸੀ ਗੁਰਬਖਸ਼ ਸਿੰਘ ਮੁਤਾਬਕ 15 ਸਤੰਬਰ ਨੂੰ ਪਿੰਡ ਨੂਰਵਾਲਾ ਦੇ ਰਹਿਣ ਵਾਲੇ ਰਣਜੀਤ ਸਿੰਘ ਨਾਂ ਦੇ ਵਿਅਕਤੀ ਨੇ ਉਸ ਨਾਲ ਸੋਸਾਇਟੀ ਤੋਂ ਡੀਏਪੀ ਖਾਦ ਲੈਣ ਲਈ ਸੰਪਰਕ ਕੀਤਾ। ਗੁਰਬਖਸ਼ ਸਿੰਘ ਨੇ ਉਕਤ ਵਿਅਕਤੀ ਦੀ ਜ਼ਮੀਨ ਦੇ ਹਿਸਾਬ ਨਾਲ ਨਿਯਮ ਮੁਤਾਬਕ ਬਣਦੀ ਮਿਕਦਾਰ ’ਚ ਉਸ ਨੂੰ ਡੀਏਪੀ ਖਾਦ ਦੇ ਦਿੱਤੀ ਸੀ। ਸੋਸਾਇਟੀ ਦੇ ਨਿਯਮਾਂ ਅਨੁਸਾਰ ਹਰ ਕਿਸਾਨ ਨੂੰ ਪ੍ਰਤੀ ਏਕੜ ਇੱਕ ਬੋਰਾ ਡੀਏਪੀ ਖਾਦ ਦੇਣ ਦੇ ਨਿਰਦੇਸ਼ ਹਨ ਤੇ ਆਪਣੇ ਹਿੱਸੇ ਦੇ 50 ਥੈਲੇ ਲੈਣ ਦੇ ਬਾਵਜੂਦ ਰਣਜੀਤ ਸਿੰਘ ਨੇ ਉਸ ਕੋਲੋਂ ਵਾਧੂ ਖਾਦ ਲੈਣ ਲਈ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ, ਜਦ ਉਨ੍ਹਾਂ ਨਿਰਧਾਰਿਤ ਤੋਂ ਵੱਧ ਖਾਦ ਦੇਣ ਤੋਂ ਇਨਕਾਰ ਕੀਤਾ ਤਾਂ ਮੁਲਜ਼ਮ ਤੈਸ਼ ’ਚ ਸੁਸਾਇਟੀ ਦਫਤਰ ਆਇਆ ਤੇ ਅਧਿਕਾਰੀਆਂ ਦੀ ਹਾਜ਼ਰੀ ’ਚ ਗਾਲੀ-ਗਲੋਚ ਕਰਦਿਆਂ ਉਸ ਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਉਸ ਵੇਲੇ ਦਫਤਰ ’ਚ ਮੌਜੂਦ ਇੱਕ ਮਹਿਲਾ ਅਧਿਕਾਰੀ ਨੇ ਮੁਲਜ਼ਮ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਉਹ ਜਾਨੋ ਮਾਰਨ ਦੀਆਂ ਧਮਕੀਆਂ ਦਿੰਦਾ ਹੋਇਆ ਸੁਸਾਇਟੀ ਦੇ ਦਫਤਰ ’ਚੋਂ ਨਿਕਲ ਗਿਆ। ਸਕੱਤਰ ਗੁਰਬਖਸ਼ ਸਿੰਘ ਮੁਤਾਬਕ ਉਸ ਉੱਪਰ ਹਮਲੇ ਦੀ ਸਾਰੀ ਵਾਰਦਾਤ ਦਫਤਰ ’ਚ ਲੱਗੇ ਸੀਸੀਟੀਵੀ ਕੈਮਰਿਆਂ ’ਚ ਕੈਦ ਹੋ ਗਈ ਤੇ ਉਨ੍ਹਾਂ ਇਸ ਕੁੱਟਮਾਰ ਦੀ ਫੁਟੇਜ਼ ਥਾਣਾ ਮੇਹਰਬਾਨ ਪੁਲਿਸ ਨੂੰ ਦੇ ਕੇ ਮੁਲਜ਼ਮ ਖਿਲਾਫ ਸ਼ਿਕਾਇਤ ਵੀ ਦਰਜ ਕਰਵਾ ਦਿੱਤੀ। ਵਾਰਦਾਤ ਦਾ ਇੱਕ ਹਫਤਾ ਬੀਤਣ ਦੇ ਬਾਵਜੂਦ ਅਜੇ ਤੱਕ ਮੁਲਜ਼ਮ ਖਿਲਾਫ ਕਾਰਵਾਈ ਨਹੀਂ ਹੋਈ। ਪੀੜਤ ਮੁਤਾਬਕ ਇਸ ਮਾਮਲੇ ’ਚ ਥਾਣਾ ਮਿਹਰਬਾਨ ਪੁਲਿਸ ਵੱਲੋਂ ਵੀ ਖਾਨਾਪੂਰਤੀ ਵਾਲੀ ਕਾਰਵਾਈ ਕੀਤੀ ਜਾ ਰਹੀ ਹੈ। ਪੀੜਤ ਤੇ ਉਸ ਦੇ ਸਹਿਯੋਗੀ ਮੁਲਾਜ਼ਮਾਂ ਨੇ ਥਾਣਾ ਮਿਹਰਬਾਨ ਦੇ ਮੁਖੀ ਇੰਸਪੈਕਟਰ ਜਗਦੇਵ ਸਿੰਘ ਨਾਲ ਮੁਲਾਕਾਤ ਕਰ ਕੇ ਵਾਰਦਾਤ ਸਬੰਧੀ ਫੁਟੇਜ ਵੀ ਪੁਲਿਸ ਨੂੰ ਮੁਹੱਈਆ ਕਰਵਾ ਦਿੱਤੀ ਗਈ ਹੈ ਪਰ ਅੱਜ ਤੱਕ ਕਿਸੇ ਤਰ੍ਹਾਂ ਦੀ ਕਾਰਵਾਈ ਨਾ ਹੋਣਾ ਗੰਭੀਰ ਚਿੰਤਾ ਤੇ ਨਾਮੋਸ਼ੀ ਦਾ ਵਿਸ਼ਾ ਹੈ। ਪੀੜਤ ਗੁਰਬਖਸ਼ ਸਿੰਘ ਮੁਤਾਬਕ ਡਿਊਟੀ ’ਤੇ ਹਾਜ਼ਰ ਅਧਿਕਾਰੀਆਂ ਦੇ ਸਾਹਮਣੇ ਦਫਤਰ ’ਚ ਇਸ ਹਮਲੇ ਦੀ ਜਾਣਕਾਰੀ ਮਿਲਣ ਤੋਂ ਬਾਅਦ ਸਮੂਹ ਮੁਲਾਜ਼ਮ ਜਥੇਬੰਦੀਆਂ ’ਚ ਰੋਸ ਦੀ ਲਹਿਰ ਹੈ। ਜਥੇਬੰਦੀਆਂ ਦੇ ਆਗੂ ਆ ਨੇ ਐਲਾਨ ਕੀਤਾ ਕਿ ਜੇਕਰ ਮੁਲਜ਼ਮ ਖਿਲਾਫ਼ ਜਲਦੀ ਤੋਂ ਜਲਦੀ ਗੈਰ-ਜ਼ਮਾਨਤੀ ਧਾਰਾ ਹੇਠ ਪਰਚਾ ਦਰਜ ਨਾ ਕੀਤਾ ਗਿਆ ਤਾਂ ਮਜਬੂਰਨ ਮੁਲਾਜ਼ਮਾਂ ਨੂੰ ਸੰਘਰਸ਼ ਦੀ ਰਾਹ ਫੜਨੀ ਪਵੇਗੀ। ਪੀੜਤ ਮੁਤਾਬਕ ਮੁਲਜ਼ਮ ਰਣਜੀਤ ਸਿੰਘ ਵੱਲੋਂ ਵਾਰਦਾਤ ਤੋਂ ਬਾਅਦ ਵੀ ਵੱਖ-ਵੱਖ ਢੰਗਾਂ ਨਾਲ ਉਸ ਉੱਪਰ ਰਾਜ਼ੀਨਾਮੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਓਹ ਮੁਲਜ਼ਮ ਖਿਲਾਫ਼ ਕਾਰਵਾਈ ਕਰਵਾ ਕੇ ਹੀ ਦਮ ਲੈਣਗੇ। ਬਾਕਸ– ਸੋਮਵਾਰ ਨੂੰ ਤਿਆਰ ਹੋਵੇਗੀ ਰਣਨੀਤੀ ਸੁਸਾਇਟੀ ਦੇ ਸਕੱਤਰ ਗੁਰਬਖਸ਼ ਸਿੰਘ ਮੁਤਾਬਕ ਡਿਊਟੀ ਉੱਪਰ ਹਾਜ਼ਰ ਮੁਲਾਜ਼ਮ ’ਤੇ ਅਧਿਕਾਰੀਆਂ ਦੀ ਮੌਜੂਦਗੀ ’ਚ ਹੋਈ ਕੁੱਟਮਾਰ ਦਾ ਮਾਮਲਾ ਗੰਭੀਰ ਵਿਸ਼ਾ ਹੈ। ਇਸ ਵਾਰਦਾਤ ਤੇ ਸਖਤ ਨੋਟਿਸ ਲੈਂਦੇ ਹੋਏ ਮੁਲਾਜ਼ਮ ਯੂਨੀਅਨ ਦੇ ਆਗੂਆਂ ਵੱਲੋਂ ਸੋਮਵਾਰ ਨੂੰ ਸੰਘਰਸ਼ ਦੀ ਰਣਨੀਤੀ ਲਈ ਵਿਚਾਰ ਕੀਤੀ ਜਾਵੇਗੀ। ਮੁਲਜ਼ਮ ਖਿਲਾਫ ਤੁਰੰਤ ਪਰਚਾ ਦਰਜ ਨਾ ਹੋਇਆ ਤਾਂ ਇਨਸਾਫ ਲਈ ਵੱਡੇ ਪੱਧਰ ’ਤੇ ਮੁਲਾਜ਼ਮਾਂ ਵੱਲੋਂ ਧਰਨਾ ਲਾਇਆ ਜਾਵੇਗਾ। ਉਧਰ ਇਸ ਮਾਮਲੇ ’ਚ ਥਾਣਾ ਮਿਹਰਬਾਨ ਮੁਖੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਸੰਪਰਕ ਨਹੀਂ ਹੋ ਸਕਿਆ। ਇਸ ਸਬੰਧੀ ਥਾਣਾ ਮਿਹਰਬਾਨ ਮੁਖੀ ਇੰਸਪੈਕਟਰ ਜਗਦੇਵ ਸਿੰਘ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਉਕਤ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ’ਚ ਲਿਆਂਦਾ ਗਿਆ ਹੈ ਤੇ ਮੁਲਜ਼ਮ ਖਿਲਾਫ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button