ਸਹਾਇਕ ਲਾਈਨਮੈਨ ਦੀਆਂ ਘੱਟ ਪੋਸਟਾਂ ਜਾਰੀਕਰਨ ਵਿਰੁੱਧ ਨੌਜਵਾਨਾਂ ਨੇ ਘੇਰਿਆ ਫੁਹਾਰਾ ਚੌਂਕ, ਚਾਰੇ ਪਾਸੇ ਲੱਗਾ ਜਾਮ

ਪਟਿਆਲਾ, 13 ਫਰਵਰੀ- ਪਾਵਰਕਾਮ ਅਪ੍ਰੇਂਟਸ਼ਿਪ ਯੂਨੀਅਨ ਪੰਜਾਬ 1500 ਵੱਲੋਂ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਮਾਲ ਰੋਡ ਬੰਦ ਕਰ ਕੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਸਥਾਨਕ ਫੁਹਾਰਾ ਚੌਂਕ ’ਤੇ ਧਰਨਾ ਸੁਰੂ ਕਰ ਦਿੱਤਾ ਗਿਆ, ਜਿਸ ਨਾਲ ਚੌਂਕ ਦੇ ਸਾਰੇ ਪਾਸੇ ਵੱਡੇ ਵੱਡੇ ਜਾਮ ਲੱਗਣੇ ਸੁਰੂ ਹੋ ਗਏ। ਧਰਨਾਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ ਯੂਨੀਅਨ ਆਗੂਆਂ ਨਾਲ ਹੋਈਆਂ ਮੀਟਿੰਗਾਂ ’ਚ ਸਹਾਇਕ ਲਾਈਨਮੈਨ ਦੀ ਭਰਤੀ ਲਈ 5500 ਪੋਸਟਾਂ ਕੱਢਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਿਰਫ 2500 ਪੋਸਟਾਂ ਲਈ ਇਸ਼ਤਿਹਾਰ ਜਾਰੀ ਕੀਤਾ ਗਿਆ ਹੈ। ਇਸ ਮੌਕੇ ਜਾਣਕਾਰੀ ਦਿੰਦਿਆ ਯੂਨੀਅਨ ਆਗੂ ਮਨਪ੍ਰੀਤ ਕੰਬੋਜ ਨੇ ਆਖਿਆ ਕਿ ਪਿਛਲੇ ਦਿਨੀਂ ਲਗਾਤਾਰ 53 ਦਿਨ ਧਰਨਾ ਚੱਲਿਆ ਜਿਸ ਉਪਰੰਤ ਮਿਤੀ 10 ਜਨਵਰੀ-2025 ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਦੀ ਅਗਵਾਈ ’ਚ ਹੋਈ ਮੀਟਿੰਗ ’ਚ ਬਿਜਲੀ ਮੰਤਰੀ ਨੇ ਭਰੋਸਾ ਦਿੱਤਾ ਸੀ 5500 ਪੋਸਟਾਂ ਦੇ ਨਾਲ ਭਰਤੀ ਕੀਤੀ ਜਾਵੇਗੀ ਪਰ ਹੁਣ ਪੀਐਸਪੀਸੀਐੱਲ ਵੱਲੋਂ 10 ਫਰਵਰੀ 2025 ਨੂੰ ਸੀਆਰਏ 312/25 ਨਵੀਂ ਭਰਤੀ 2500 ਪੋਸਟਾ ਲਈ ਜਾਰੀ ਕੀਤੀ ਗਈ ਜੋ ਕਿ ਬਹੁਤ ਘੱਟ ਹੈ ਕਿਉਕਿ ਪੰਜਾਬ ਸਰਕਾਰ ਨੇ ਬਾਕੀ ਰਾਜਾਂ ਨੂੰ 45 ਫੀਸਦੀ ਕੋਟਾ ਦਿੱਤਾ ਹੈ ਜਿਸ ਨਾਲ ਜਰਨਲ ਵਰਗ ਦੇ ਪ੍ਰੀਖਿਆਰਥੀ ਨੂੰ ਮਾਰ ਪਾਉਦਾ ਹੈ। ਜਿਸ ਨਾਲ ਪੰਜਾਬ ਦੇ ਹਰ ਵਰਗ ਉਹ ਕਿਸੇ ਵੀ ਕੈਟਾਗਰੀ ਨਾਲ ਸਬੰਧ ਰੱਖਦਾ ਹੈ ਉਸਦਾ ਨੁਕਸਾਨ। ਹੁੰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਪੂਰੀਆਂ ਪੋਸਟਾਂ ਦਾ ਇਸ਼ਤਿਹਾਰ ਜਾਰੀ ਨਹੀਂ ਹੁੰਦਾ ਉਨ੍ਹਾਂ ਚਿਰ ਮੁੜ ਤੋਂ ਸੰਘਰਸ ਸ਼ੁਰੂ ਕਰ ਕੇ ਪੱਕਾ ਮੋਚਰਾ ਲਗਾਇਆ ਜਾਵੇਗਾ।



