
ਤਰਨ ਤਾਰਨ, 30 ਅਪ੍ਰੈਲ-ਪਾਕਿਸਤਾਨੀ ਤਸਕਰਾਂ ਨਾਲ ਵਟਸਐੱਪ ਕਾਲ ਰਾਹੀਂ ਸੰਪਰਕ ਕਰਕੇ ਸਰਹੱਦ ਪਾਰੋਂ ਡ੍ਰੋਨ ਦੀ ਮਦਦ ਨਾਲ ਹੈਰੋਇਨ ਦੀਆਂ ਖੇਪਾਂ ਮੰਗਵਾ ਕੇ ਅੱਗੇ ਸਪਲਾਈ ਕਰਨ ਵਾਲੇ ਮਾਂ, ਪੁੱਤ ਨੂੰ ਬੇਨਕਾਬ ਕਰਦਿਆਂ ਤਰਨਤਾਰਨ ਪੁਲਿਸ ਨੇ ਚਾਰ ਕਿੱਲੋ ਹੈਰੋਇਨ ਸਮੇਤ ਔਰਤ ਨੂੰ ਜਿਥੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਉੱਥੇ ਹੀ ਉਸਦੇ ਲੜਕੇ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਚਾਰ ਏਕੜ ਜ਼ਮੀਨ ਦੇ ਮਾਲਕ ਉਕਤ ਲੋਕਾਂ ਦੀ ਦੋ ਏਕੜ ਜ਼ਮੀਨ ਜਿੱਥੇ ਕੰਡਿਆਲੀ ਤਾਰ ਦੇ ਪਾਰ ਹੈ। ਉਥੇ ਹੀ ਇਨ੍ਹਾਂ ਦਾ ਘਰ ਤੇ ਇੱਧਰ ਦੀ ਜ਼ਮੀਨ ਤਾਰ ਤੋਂ ਮਾਤਰ 100 ਮੀਟਰ ਦੀ ਦੂਰੀ ’ਤੇ ਹੈ। ਐੱਸਐੱਸਪੀ ਅਭਿਮਨਿਊ ਰਾਣਾ ਨੇ ਬੁੱਧਵਾਰ ਨੂੰ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਰੁਪਿੰਦਰ ਕੌਰ ਜੋ ਕਿ ਪਿੰਡ ਧਨੋਆ ਖੁਰਦ ਅੰਮ੍ਰਿਤਸਰ ਦੀ ਰਹਿਣ ਵਾਲੀ ਹੈ, ਤੇ ਉਸਦਾ ਪੁੱਤਰ ਗਗਨਪ੍ਰੀਤ ਸਿੰਘ ਪਾਕਿਸਤਾਨੀ ਤਸਕਰਾਂ ਨਾਲ ਸਿੱਧੇ ਸੰਪਰਕ ਵਿਚ ਸਨ। ਇਹ ਲੋਕ ਸਰਹੱਦ ਪਾਰ ਤੋਂ ਨਸ਼ੀਲੇ ਪਦਾਰਥਾਂ ਦੀਆਂ ਖੇਪਾਂ ਮੰਗਵਾਉਂਦੇ ਸਨ। ਉਨ੍ਹਾਂ ਦੱਸਿਆ ਕਿ ਕੰਡਿਆਲੀ ਤਾਰ ਤੋਂ 100 ਮੀਟਰ ਦੂਰੀ ’ਤੇ ਹੋਣ ਕਰਕੇ ਇਨ੍ਹਾਂ ਦਾ ਘਰ ਡ੍ਰੋਨ ਜ਼ੋਨ ਵਿਚ ਆਉਂਦਾ ਹੈ। ਜਾਂਚ ਵਿਚ ਪਤਾ ਲੱਗਾ ਕਿ ਇਹ ਲੋਕ ਡ੍ਰੋਨ ਦੀ ਮਦਦ ਨਾਲ ਆਪਣੀ ਜਮੀਨ ਵਿਚ ਨਸ਼ੇ ਦੀਆਂ ਖੇਪਾਂ ਸੁੱਟਵਾਉਂਦੇ ਸਨ। ਜਿਸਦੇ ਤਹਿਤ ਸੀਆਈਏ ਸਟਾਫ ਦੇ ਇੰਚਾਰਜ ਅਮਨਦੀਪ ਰੰਧਾਵਾ ਦੀ ਨਿਗਰਾਨੀ ਇਕ ਟੀਮ ਨੇ 30 ਅਪ੍ਰੈਲ ਨੂੰ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਧਨੋਆ ਖੁਰਦ ਦੇ ਇਲਾਕੇ ਵਿਚ ਕਾਰਵਾਈ ਕਰਦਿਆਂ ਰੁਪਿੰਦਰ ਕੌਰ ਨੂੰ 4 ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕਰ ਲਿਆ। ਐੱਸਐੱਸਪੀ ਨੇ ਦੱਸਿਆ ਕਿ 45 ਸਾਲਾ ਉਕਤ ਔਰਤ ਦਾ 23 ਸਾਲਾ ਲੜਕਾ ਗਗਨਪ੍ਰੀਤ ਸਿੰਘ ਵੀ ਇਸ ਨੈੱਟਵਰਕ ਦਾ ਹਿੱਸਾ ਹੈ। ਇਨ੍ਹਾਂ ਦੀ ਚਾਰ ਏਕੜ ਜਮੀਨ ਵਿੱਚੋਂ ਦੋ ਏਕੜ ਜ਼ਮੀਨ ਤਾਰ ਦੇ ਉਸ ਪਾਰ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਵੱਲੋਂ ਮੰਗਵਾਈਆਂ ਗਈਆਂ ਖੇਪਾਂ ਨੂੰ ਇਹ ਕਿੰਨਾਂ ਸਪਲਾਇਰਾਂ, ਡੀਲਰਾਂ ਅਤੇ ਖਰੀਦਦਾਰਾਂ ਤੱਕ ਪਹੁੰਚਾਉਦੇ ਸਨ, ਇਸ ਨੈੱਟਵਰਕ ਦਾ ਵੀ ਜਲਦ ਪਰਦਾਫਾਸ਼ ਕਰ ਦਿੱਤਾ ਜਾਵੇਗਾ। ਐੱਸਐੱਸਪੀ ਨੇ ਦੱਸਿਆ ਕਿ ਇਨ੍ਹਾਂ ਖਿਲਾਫ ਇਸ ਤੋਂ ਪਹਿਲਾਂ ਨਸ਼ੇ ਦਾ ਕੋਈ ਕੇਸ ਦਰਜ ਨਹੀਂ ਹੈ। ਯੁੱਧ ਨਸ਼ਿਆਂ ਵਿਰੁੱਧ ਉਸ ਮੁਹਿੰਮ ’ਤੇ ਪਹੁੰਚ ਚੁੱਕੀ ਹੈ, ਜਿਥੇ ਹੁਣ ਅਜਿਹੇ ਲੁਕਵੇਂ ਤਸਕਰਾਂ ਨੂੰ ਕਾਬੂ ਕੀਤਾ ਜਾ ਸਕੇ।



