Punjab

ਸਰਕਾਰ ਮੇਰਾ ਘਰ ਨਾ ਉਜਾੜੇ, ਮੈਂ ਆਪਣੇ ਪਰਿਵਾਰ ਤੇ 14 ਦਿਨ ਦੇ ਬੱਚੇ ਨੂੰ ਛੱਡ ਪਾਕਿਸਤਾਨ ਨਹੀਂ ਜਾਵਾਂਗੀ : ਸਾਰਾ ਖਾਂਨ

ਅਟਾਰੀ, 30 ਅਪ੍ਰੈਲ- ਭਾਰਤ ਸਰਕਾਰ ਵਲੋਂ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਵਿਰੁੱਧ ਬਣਾਏ ਗਏ ਸਖ਼ਤ ਰੁੱਖ ਦੇ ਚੱਲਦਿਆ ਉਨ੍ਹਾਂ ਪਾਕਿਸਤਾਨੀ ਔਰਤਾਂ ਨੂੰ ਅਟਾਰੀ ਬਾਰਡਰ ਰਸਤੇ ਪਾਕਿਸਤਾਨ ਜਾਣ ਲਈ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਹ ਹੈ ਤਾਂ ਪਾਕਿਸਤਾਨੀ ਨਾਗਰਿਕ ਪਰ ਉਨ੍ਹਾਂ ਦਾ ਵਿਆਹ ਭਾਰਤ ਵਿਚ ਹੋਇਆ ਹੈ ਅਤੇ ਇਸੇ ਤਰ੍ਹਾਂ ਉਹ ਪਾਕਿਸਤਾਨੀ ਔਰਤਾਂ, ਜਿਨ੍ਹਾਂ ਦਾ ਵਿਆਹ ਭਾਰਤ ਵਿਚ ਹੋਇਆ ਹੈ ਅਤੇ ਬੱਚੇ ਭਾਰਤ ਵਿਚ ਹੋਏ ਹਨ। ਭਾਰਤ ਸਰਕਾਰ ਦੇ ਅਦੇਸ਼ਾਂ ਮੁਤਾਬਕ ਉਨ੍ਹਾਂ ਬੱਚਿਆਂ ਨੂੰ ਪਾਕਿਸਤਾਨ ਜਾਣ ਦੀ ਇਜ਼ਾਜਤ ਨਹੀਂ ਦਿੱਤੀ ਜਾ ਰਹੀ, ਜਿਨ੍ਹਾਂ ਦਾ ਜਨਮ ਭਾਰਤ ਵਿਚ ਹੋਇਆ ਹੈ। ਇਹ ਇਸ ਵੇਲੇ ਵੱਡਾ ਮਸਲਾ ਬਣਿਆ ਹੋਇਆ ਹੈ। ਇਸ ਤਰ੍ਹਾਂ ਅੱਜ ਸਾਰਾ ਖਾਂਨ ਪਤਨੀ ਔਰਗਜੇਬ ਵਾਸੀ ਜ਼ਿਲ੍ਹਾ ਰਾਜ਼ੌਰੀ (ਜੰਮੂ-ਕਸ਼ਮੀਰ), ਜੋ ਕਿ ਹੈ ਤਾਂ ਪਾਕਿਸਤਾਨੀ ਨਾਗਰਿਕ ਪਰ ਉਸ ਦਾ ਵਿਆਹ ਭਾਰਤ ਵਿਚ ਹੋਇਆ ਹੈ, ਨੂੰ ਅੱਜ ਜੰਮੂ-ਕਸ਼ਮੀਰ ਪੁਲਿਸ ਵਲੋਂ ਪਾਕਿ ਭੇਜਣ ਲਈ ਅਟਾਰੀ ਬਾਰਡਰ ‘ਤੇ ਲਿਆਂਦਾ ਗਿਆ। ਇਸ ਮੌਕੇ ਪਾਕਿਸਤਾਨੀ ਪਾਸਪੋਰਟ ਧਾਰਕ ਸਾਰਾ ਖਾਂਨ ਵਾਸੀ ਮੀਰਪੁਰ ਅਜ਼ਾਦ ਕਸ਼ਮੀਰ (ਪਾਕਿਸਤਾਨ) ਹਾਲ ਵਾਸੀ ਰਾਜ਼ੌਰੀ ਨੇ ਨਮ ਅੱਖਾਂ ਨਾਲ ਅਟਾਰੀ ਬਾਰਡਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਜੁਲਾਈ 2017 ਵਿਚ ਉਸ ਦਾ ਵਿਆਹ ਔਰਗਜੇਬ ਵਾਸੀ ਜ਼ਿਲ੍ਹਾ ਰਾਜ਼ੌਰੀ (ਜੰਮੂ-ਕਸ਼ਮੀਰ) ਨਾਲ ਹੋਇਆ ਸੀ ਅਤੇ ਉਸ ਦੇ 2 ਪੁੱਤਰ ਹਨ। ਇੱਕ ਉਨ੍ਹਾਂ ਦਾ ਬੇਟਾ ਰਿਆਤ, ਜੋ 6 ਸਾਲ ਦਾ ਹੈ, ਉਸ ਦਾ ਜਨਮ ਪਾਕਿਸਤਾਨ ਵਿਚ ਹੋਇਆ ਸੀ ਅਤੇ ਉਸ ਦਾ ਪਾਸਪੋਰਟ ਵੀ ਪਾਕਿਸਤਾਨੀ ਹੈ। ਉਸ ਦਾ ਦੂਸਰਾ ਬੇਟਾ ਜੋ ਮਹਿਜ਼ ਅਜੇ 14 ਦਿਨਾਂ ਦਾ ਹੈ, ਜਿਸ ਨੇ ਭਾਰਤ ਵਿਚ ਜਨਮ ਲਿਆ ਹੈ ਅਤੇ ਅਜੇ ਤੱਕ ਉਸ ਦਾ ਕੋਈ ਕਾਗਜ਼ਾਤ ਤਿਆਰ ਨਹੀਂ ਹੋਇਆ। ਉਨ੍ਹਾਂ ਅੱਗੇ ਦੱਸਿਆ ਕਿ ਬੀਤੀ ਰਾਤ ਜੰਮੂ-ਕਸ਼ਮੀਰ ਪੁਲਿਸ ਉਸ ਨੂੰ ਜ਼ਬਰਦਸਤੀ ਚੁੱਕ ਕਿ ਲੈ ਆਈ ਤੇ ਮੇਰੇ ‘ਤੇ ਦਬਾਅ ਬਣਾ ਰਹੀ ਹੈ ਕਿ ਇੱਕ ਫਾਰਮ ‘ਤੇ ਦਸਖ਼ਤ ਕਰਨ ਲਈ ਕਿਹਾ ਕਿ ਤੁਹਾਡਾ ਲਾਂਗ ਟਰਮ ਵੀਜ਼ਾ (ਐਲਟੀਵੀ) ਖ਼ਤਮ ਹੋ ਗਿਆ ਹੈ। ਤੁਸੀਂ ਗੈਰ-ਕਾਨੂੰਨੀ ਤਰੀਕੇ ਨਾਲ ਭਾਰਤ ਵਿਚ ਰਹਿ ਰਹੇ ਹੋ ਪਰ ਮੇਰੇ ਵੀਜ਼ੇ ਦੀ ਮਿਆਦਾ ਤਾਂ ਜੁਲਾਈ 2026 ਤੱਕ ਹੈ। ਮੇਰਾ 14 ਦਿਨਾਂ ਦਾ ਬੇਟਾ, ਜੋ ਵੱਡੇ ਅਪ੍ਰੈਸ਼ਨ ਨਾਲ ਹੋਇਆ ਹੈ, ਬੀਤੀ ਰਾਤ ਹੀ ਮੇਰੇ ਟਾਂਕੇ ਖੁੱਲ੍ਹੇ ਹਨ ਅਤੇ ਮੈਂ ਬਹੁਤ ਤਕਲੀਫ ਵਿਚ ਹਾਂ। ਸਾਰਾ ਨੇ ਅਗੇ ਕਿਹਾ ਕਿ ਮੈਂ ਉਸੇ ਅਜ਼ਾਦ ਕਸ਼ਮੀਰ ਦੀ ਹਾਂ, ਜਿਸ ਨੂੰ ਭਾਰਤ ਆਪਣਾ ਅੰਗ ਮੰਨਦਾ ਹੈ ਅਤੇ ਫਿਰ ਮੈਨੂੰ ਪਾਕਿਸਤਾਨ ਜਾਣ ਲਈ ਮਜ਼ਬੂਰ ਕਿਉਂ ਕੀਤਾ ਜਾ ਰਿਹਾ ਹੈ? ਉਸ ਨੇ ਅਗੇ ਕਿਹਾ ਕਿ ਭਾਰਤੀ ਇੰਮਗ੍ਰੈਸ਼ਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਆਪਣੇ 6 ਸਾਲ ਦੇ ਬੱਚੇ ਨਾਲ ਪਾਕਿਸਤਾਨ ਜਾ ਸਕਦੇ ਹਨ ਕਿਉਂਕਿ ਕਿ ਉਸ ਕੋਲ ਪਾਕਿਸਤਾਨੀ ਪਾਸਪੋਰਟ ਹੈ ਅਤੇ ਜੋ ਛੋਟਾ 14 ਦਿਨਾਂ ਦਾ ਉਨ੍ਹਾਂ ਦਾ ਬੇਟਾ ਹੈ, ਜਿਸ ਦਾ ਜਨਮ ਭਾਰਤ ਵਿਚ ਹੋਇਆ ਹੈ, ਜੋ ਅਜੇ ਚੰਗੀ ਤਰ੍ਹਾਂ ਮਾਂ ਦਾ ਦੁੱਧ ਵੀ ਨਹੀਂ ਪੀ ਸਕਦਾ, ਮੈਂ ਉਸ ਨੂੰ ਛੱਡ ਕਿ ਕਿਸ ਤਰ੍ਹਾਂ ਪਾਕਿਸਤਾਨ ਜਾ ਸਕਦੀ ਹਾਂ। ਸਾਰਾ ਨੇ ਭਰੇ ਲਹਿਜੇ ਵਿਚ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਗਾਮ ਵਿਚ ਵਾਪਰੀ ਘਟਨਾ ਨੂੰ ਜਿਨ੍ਹਾਂ ਵੀ ਲੋਕਾਂ ਨੇ ਅੰਜ਼ਾਮ ਦਿੱਤਾ ਹੈ, ਉਨ੍ਹਾਂ ਨੂੰ ਕਾਬੂ ਕਰਕੇ ਸਖ਼ਤ ਸਜਾਵਾਂ ਦਿੱਤੀਆਂ ਜਾਣ ਪਰ ਸਾਨੂੰ ਸਜ਼ਾ ਕਿਸ ਗੱਲ ਦੀ ਦਿੱਤੀ ਜਾ ਰਹੀ ਹੈ। ਉਨ੍ਹਾਂ ਨੇ ਭਾਰਤ ਸਰਕਾਰ ਨੂੰ ਅਪੀਲ ਕਰਦਿਆਂ ਕਿਹਾ ਕਿ ਮੈਂ ਭਾਰਤ ਵਿਚ ਵਿਆਹੀ ਹਾਂ, ਮੇਰਾ ਪਰਿਵਾਰ ਭਾਰਤ ਵਿਚ ਹੈ। ਮੈਂ ਇਥੇ ਹੀ ਰਹਿਣਾ ਚਾਹੁੰਦੀ ਹਾਂ, ਕਿਪ੍ਰਾ ਕਰਕੇ ਮੇਰੇ ਪਰਿਵਾਰ ਨੂੰ ਵਿਛੋੜਾ ਦੇ ਕਿ ਮੇਰਾ ਘਰ ਨਾ ਉਜਾੜਿਆ ਜਾਵੇ। ਇਸ ਤਰ੍ਹਾਂ ਅਜਰਾਬੀ ਭੱਟੀ ਪਤਨੀ ਮਹੁੰਮਦ-ਦੀਨ ਭੱਟੀ ਹਾਲ ਵਾਸੀ ਰਜ਼ੌਰੀ (ਜੰਮੂ-ਕਸ਼ਮੀਰ), ਜੋ ਪਾਕਿ ਪਾਸਪੋਰਟ ਧਾਰਕ ਹੈ, ਨੇ ਰੌਂਦੇ-ਕੁਰਲਾਉਂਦੇ ਅਟਾਰੀ ਬਾਰਡਰ ‘ਤੇ ਗੱਲਬਾਤ ਕਰਦਿਆਂ ਕਿਹਾ ਕਿ 45 ਸਾਲ ਪਹਿਲਾ ਉਸ ਦਾ ਨਿਕਾਹ ਭਾਰਤ ਵਿਚ ਹੋਇਆ ਸੀ ਤੇ ਉਸ ਦੇ 8 ਬੱਚੇ ਹਨ, ਜਿਨ੍ਹਾਂ ਨੇ ਭਾਰਤ ਵਿਚ ਜਨਮ ਲਿਆ ਹੈ। ਉਸ ਨੂੰ ਅਜੇ ਤੱਕ ਭਾਰਤੀ ਨਾਗਰਿਕਤਾ ਨਹੀਂ ਮਿਲੀ ਤੇ ਬੀਤੀ ਰਾਤ ਜੰਮੂ-ਕਸ਼ਮੀਰ ਦੀ ਪੁਲਿਸ ਉਸ ਨੂੰ ਜ਼ਬਰਸਤੀ ਚੁੱਕ ਕਿ ਇਹ ਕਹਿ ਕਿ ਲੈ ਆਈ ਹੈ ਕਿ ਤੁਸੀਂ ਪਾਕਿ ਪਾਸਪੋਰਟ ਧਾਰਕ ਹੋ, ਭਾਰਤ ਸਰਕਾਰ ਵਲੋਂ ਪਹਿਲਗਾਮ ਵਿਚ ਹੋਏ ਹਮਲੇ ਤੋਂ ਬਾਅਦ ਦਿੱਤੇ ਗਏ ਅਦੇਸ਼ਾਂ ਮੁਤਾਬਕ ਭਾਰਤ ਵਿਚ ਨਹੀਂ ਰਹਿ ਸਕਦੇ। ਭੱਟੀ ਨੇ ਅੱਗੇ ਕਿਹਾ ਕਿ ਪਾਕਿਸਤਾਨ ਵਿਚ ਉਸ ਦੇ ਮਾਂ-ਪਿਉ ਵੀ ਮੌਤ ਹੋ ਚੁੱਕੀ ਹੈ। ਮੈਂ ਹੁਣ ਉਥੇ ਜਾ ਕਿ ਕੀ ਕਰਾਂਗੀ। ਅਜਰਾਬੀ ਭੱਟੀ ਨੇ ਵੀ ਭਾਰਤ ਸਰਕਾਰ ਅੱਗੇ ਅਪੀਲ ਕੀਤੀ ਕਿ ਉਸ ਦੇ ਅੱਠ ਬੱਚਿਆਂ ਸਮੇਤ ਸਾਰਾ ਪਰਿਵਾਰ ਭਾਰਤ ਵਿਚ ਹੀ ਹੈ, ਉਸ ਨੂੰ ਵੀ ਆਪਣੇ ਪਰਿਵਾਰ ਵਿਚ ਰਹਿਣ ਦੀ ਇਜ਼ਾਜਤ ਦਿੱਤੀ ਜਾਵੇ। ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦੀ ਹੋਈ ਅਪਣੇ ਬੱਚਿਆਂ ਸਮੇਤ ਪਰਿਵਾਰ ਤੋਂ ਵਿਛੜਦੀ ਹੋਈ ਅਜਰਾਬੀ ਭੱਟੀ ਅਟਾਰੀ-ਵਾਹਘਾ ਰਸਤੇ ਪਾਕਿ ਜਾਣ ਲਈ ਰਵਾਨਾ ਹੋ ਗਈ।

Related Articles

Leave a Reply

Your email address will not be published. Required fields are marked *

Back to top button