Politics

ਸਰਕਾਰੀ ਹਸਪਤਾਲ ਦੇ ਨਿੱਜੀਕਰਨ ਵਿਰੁੱਧ ਸਿਹਤ ਕਾਮਿਆਂ ਵੱਲੋਂ ਕੀਤੀ ਗਈ ਗੇਟ ਰੈਲੀ

ਫ਼ਿਰੋਜ਼ਪੁਰ, 8 ਦਸੰਬਰ (ਬਾਲ ਕਿਸ਼ਨ)– ਪੰਜਾਬ ਸਰਕਾਰ ਵੱਲੋਂ ਪੰਜਾਬ ਰਾਜ ਦੇ ਪੰਜ ਸਿਵਲ ਹਸਪਤਾਲਾਂ ਨੂੰ ਪ੍ਰਾਈਵੇਟ ਕਰਨ ਦੀ ਨੀਤੀ ਤਹਿਤ ਪ੍ਰਾਈਵੇਟ ਕੰਪਨੀਆਂ ਨਾਲ ਚੱਲ ਰਹੇ ਪੱਤਰ ਵਿਹਾਰ ਦੇ ਵਿਰੋਧ ਵਿੱਚ ਅੱਜ ਦੂਜੀ ਵਾਰ ਪੈਰਾਂ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜ਼ਿਲ੍ਹਾ ਫ਼ਿਰੋਜ਼ਪੁਰ ਵੱਲੋਂ ਪੰਜਾਬ ਮੈਡੀਕਲ ਐਸੋਸੀਏਸ਼ਨ ਫ਼ਿਰੋਜ਼ਪੁਰ ਦੇ ਪ੍ਰਧਾਨ ਡਾ: ਜਤਿੰਦਰ ਕੋਛੜ ਅਤੇ ਸੁਧੀਰ ਅਲੈਗਜ਼ੈਂਡਰ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਿਰੁੱਧ ਗੇਟ ਰੈਲੀ ਕੀਤੀ ਗਈ। ਇਸ ਰੈਲੀ ਵਿੱਚ ਸਿਹਤ ਵਿਭਾਗ ਦੇ ਵੱਖ-ਵੱਖ ਕੈਡਰਾਂ ਦੇ ਮੁਲਾਜ਼ਮਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ। ਇਸ ਸਮੇਂ ਪੰਜਾਬ ਸਰਕਾਰ ਦੁਆਰਾ ਰੋਕੀਆਂ ਗਈਆਂ ਤਨਖਾਹਾਂ ਦੇ ਵਿਰੋਧ ਵਿੱਚ ਨਾਅਰੇਬਾਜ਼ੀ ਕੀਤੀ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਆਗੂ ਨਰਿੰਦਰ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਸਿਹਤ ਵਿਭਾਗ ਨੂੰ ਇੱਕ–ਇੱਕ ਕੇਡਰ ਨੂੰ ਪ੍ਰਾਈਵੇਟ ਕਰਕੇ ਪੂਰੇ ਵਿਭਾਗ ਨੂੰ ਹੀ ਪ੍ਰਾਈਵੇਟ ਹੱਥਾਂ ਵਿੱਚ ਦੇਣ ਦੀ ਨੀਤੀ ਨਾਲ ਆਮ ਲੋਕਾਂ ’ਤੇ ਬਹੁਤ ਵੱਡਾ ਵਿੱਤੀ ਬੋਝ ਪੈ ਜਾਵੇਗਾ। ਸਰਕਾਰ ਵੱਲੋਂ ਮਿਲਣ ਵਾਲੀਆਂ ਮੁਫ਼ਤ ਦੀਆਂ ਸਿਹਤ ਸਹੂਲਤਾਂ, ਹਸਪਤਾਲਾਂ ਨੂੰ ਪ੍ਰਾਈਵੇਟ ਹੋਣ ਤੋਂ ਕੁਝ ਸਮੇਂ ਬਾਅਦ ਵੱਡੇ ਖਰਚੇ ਨਾਲ ਉਪਲਬੱਧ ਕਰਵਾਈਆਂ ਜਾਣਗੀਆਂ, ਜਿਸ ਨਾਲ ਪ੍ਰਾਈਵੇਟ ਕੰਪਨੀਆਂ ਲੋਕਾਂ ਦੀ ਮਨਮਰਜ਼ੀ ਨਾਲ ਲੁੱਟ ਕਰਨਗੀਆਂ। ਗੱਲਬਾਤ ਕਰਦਿਆਂ ਡਾ: ਰਚਨਾ ਮਿੱਤਲ ਸਾਈਕੈਟਰਿਸਟ ਜ਼ਿਲ੍ਹਾ ਫ਼ਿਰੋਜ਼ਪੁਰ ਨੇ ਦੱਸਿਆ ਕਿ ਜਿਵੇਂ ਪਿਛਲੇ ਦਿਨੀਂ ਭਾਰਤ ਸਰਕਾਰ ਦੁਆਰਾ ਹਵਾਈ ਜਹਾਜਾਂ ਦੀਆਂ ਕੰਪਨੀਆਂ ਨੂੰ ਪ੍ਰਾਈਵੇਟ ਹੱਥਾਂ ਵਿੱਚ ਦਿੱਤੇ ਜਾਣ ਦੇ ਕਾਰਨ ਜਹਾਜ ਕੰਪਨੀਆਂ ਨੇ ਆਪਣੀ ਮਰਜ਼ੀ ਨਾਲ ਲੋਕਾਂ ਦੀ ਲੁੱਟ ਕਰਨੀ ਸ਼ੁਰੂ ਕਰ ਦਿੱਤੀ। ਇਸੇ ਤਰ੍ਹਾਂ ਹਸਪਤਾਲਾਂ ਨੂੰ ਪ੍ਰਾਈਵੇਟ ਕਰਨ ਤੋਂ ਬਾਅਦ ਪ੍ਰਾਈਵੇਟ ਕੰਪਨੀਆਂ ਆਪਣੀ ਮਨਮਰਜ਼ੀ ਨਾਲ ਲੋਕਾਂ ਦੀ ਲੁੱਟ ਕਰਨਗੀਆਂ, ਜੋ ਕਿ ਲੋਕਾਂ ਨੂੰ ਮਿਲਣ ਵਾਲੇ ਮੁੱਢਲੇ ਅਧਿਕਾਰਾਂ ਦਾ ਸ਼ੋਸ਼ਣ ਹੈ। ਇਸ ਸਮੇਂ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਦੇ ਜਨਰਲ ਸਕੱਤਰ ਜਸਵਿੰਦਰ ਸਿੰਘ ਕੌੜਾ ਨੇ ਗੇਟ ਰੈਲੀ ਤੋਂ ਬਾਅਦ ਸਮੁੱਚੇ ਮੁਲਾਜ਼ਮਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਸਰਕਾਰ ਇਸ ਫੈਸਲੇ ਨੂੰ ਵਾਪਸ ਨਹੀਂ ਲੈਂਦੀ ਤਾਂ ਪ੍ਰਾਈਵੇਟਾਈਜੇਸ਼ਨ ਦੀਆਂ ਨੀਤੀਆਂ ਵਿਰੁੱਧ ਇੱਕ ਸੂਬਾ ਪੱਧਰੀ ਪ੍ਰੋਗਰਾਮ ਉਲੀਕ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ ਜਾਵੇਗਾ। ਇਸ ਸਮੇਂ ਡਾ: ਜਤਿੰਦਰ ਕੋਛੜ, ਡਾ: ਤੁਸ਼ਟੀ ਧਵਨ, ਡਾ: ਨਵਦੀਪ ਸੋਈ, ਡਾ: ਨਿਖਿਲ ਗੁਪਤਾ, ਡਾ: ਯੁਗਪ੍ਰੀਤ ਸਿੰਘ, ਡਾ: ਪਾਹੁਲਪ੍ਰੀਤ ਕੌਰ, ਡਾ: ਮਨਪ੍ਰੀਤ ਸਿੰਘ, ਕੌਰਜੀਤ ਸਿੰਘ ਢਿੱਲੋਂ, ਸੀ.ਐਚ.ਓ ਯੂਨੀਅਨ ਦੇ ਜ਼ਿਲਾ ਆਗੂ ਡਾ: ਪ੍ਰੀਤ ਮਖੀਜਾ, ਮਲਟੀ ਪਰਪਸ ਹੈਲਥ ਵਰਕਰ ਯੂਨੀਅਨ ਦੇ ਆਗੂ ਰਮੇਸ਼ ਕੁਮਾਰ, ਸਤਨਾਮ ਸਿੰਘ, ਗੁਰਦੇਵ ਸਿੰਘ, ਵਿਕਰਮਜੀਤ, ਪਰਵੀਰ ਸਿੰਘ, ਸੁਖਵਿੰਦਰ ਸਿੰਘ ਗੁਰਮੀਤ ਕੌਰ ਮੋਨਿਕਾ ਬੇਦੀ ਸੰਗੀਤਾ ਪਾਸੀ ਪਰਵੀਨ, ਸਵੇਤਾ, ਗੀਤਾਂਜਲੀ, ਕਰਨਜੀਤ ਸਿੰਘ, ਆਊਟਸੋਰਸ ਅਤੇ ਕੰਟਰੈਕਟ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਤਿੰਦਰ ਸ਼ਰਮਾ, ਨਛੱਤਰ ਸਿੰਘ, ਗਗਨਦੀਪ ਸਿੰਘ, ਗੌਰਵ ਦਾਸ, ਡਾ ਨੀਤਿਕਾ ਗੁਪਤਾ,ਗੁਰਚਰਨ ਸਿੰਘ, ਨੇਹਾ, ਕਿਰਨਦੀਪ ਕੌਰ, ਗੀਤਾਂਜਲੀ, ਸ਼ਵੇਤਾ, ਅੰਜੂ ਭੁਪਿੰਦਰ ਸੋਨੀ ਨਰਿੰਦਰ ਸਿੰਘ, ਮਨਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

ਸਰਕਾਰੀ ਹਸਪਤਾਲ ਦੇ ਨਿੱਜੀਕਰਨ ਵਿਰੁੱਧ ਸਿਹਤ ਕਾਮਿਆਂ ਵੱਲੋਂ ਕੀਤੀ ਗਈ ਗੇਟ ਰੈਲੀ
ਰੈਲੀ ਨੂੰ ਸੰਬੋਧਨ ਕਰਦੇ ਹੋਏ ਸਿਹਤ ਕਾਮੇ। ਤਸਵੀਰ: ਬਾਲ ਕਿਸ਼ਨ

Related Articles

Leave a Reply

Your email address will not be published. Required fields are marked *

Back to top button