
ਸੰਗਤ ਮੰਡੀ, 26 ਨਵੰਬਰ : ਸੰਗਤ ਮੰਡੀ ਸੰਗਤ ਬਲਾਕ ਦੇ ਪਿੰਡ ਫੱਲੜ ਵਿਖੇ ਸਰਕਾਰੀ ਬੱਸਾਂ ਨਾ ਰੁਕਣ ਕਾਰਨ ਪਿੰਡ ਦੇ ਲੋਕਾਂ ’ਚ ਭਾਰੀ ਰੋਸ਼ ਪਾਇਆ ਜਾ ਰਿਹਾ ਹੈ। ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਇਸ ਸਮੱਸਿਆ ਨੂੰ ਪਹਿਲ ਦੇ ਅਧਾਰ ’ਤੇ ਹੱਲ ਕੀਤਾ ਜਾਵੇ। ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ(ਧਨੇਰ) ਦੇ ਬਲਾਕ ਸਕੱਤਰ ਇਕਬਾਲ ਸਿੰਘ ਪਥਰਾਲਾ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਫੱਲੜ ਵਿਖੇ ਪਿਛਲੇ ਲੰਮੇ ਸਮੇਂ ਤੋਂ ਸਰਕਾਰੀ ਬੱਸਾਂ ਨਾ ਰੁਕਣ ਕਰਕੇ ਸਫਰ ਕਰਨ ਵਾਲੇ ਲੋਕਾਂ ਅਤੇ ਪੜ੍ਹਨ ਵਾਲੇ ਵਿਦਿਆਰਥੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਿੰਡ ਦੀਆਂ ਸਪੰਰਕ ਸੜਕਾਂ ਟੁੱਟੀਆਂ ਹੋਣ ਕਰਕੇ ਰੂਟ ’ਤੇ ਚਲਦੀਆਂ ਸਰਕਾਰੀ ਬੱਸਾਂ ਘੱਟ ਆ ਰਹੀਆਂ ਹਨ ਪਰ ਜੋਂ ਆਉਂਦੀਆਂ ਹਨ ਉਹ ਰੁਕਦੀਆਂ ਨਹੀਂ, ਜਿਸ ਕਰਕੇ ਬੱਸਾਂ ’ਤੇ ਸਫਰ ਕਰਨ ਵਾਲੇ ਗਰੀਬ ਲੋਕਾਂ ਅਤੇ ਬਾਹਰਲੇ ਪਿੰਡਾਂ ’ਚ ਪੜ੍ਹਾਈ ਕਰਨ ਜਾਣ ਵਾਲੇ ਵਿਦਿਆਰਥੀਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਪੰਜਾਬ ਸਰਕਾਰ ਅਤੇ ਵਿਭਾਗ ਦੇ ਮੰਤਰੀ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਕੀਤਾ ਜਾਵੇ। ਇਕੱਤਰ ਲੋਕਾਂ ਨੇ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਉਨ੍ਹਾਂ ਦੀ ਸਮੱਸਿਆ ਦਾ ਜਲਦੀ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਨੂੰ ਵੱਡਾ ਸਘੰਰਸ਼ ਵਿੱਢਣ ਲਈ ਮਜਬੂਰ ਹੋਣਾ ਪਵੇਗਾ।ਇਸ ਮੌਕੇ ਕਿਸਾਨ ਆਗੂ ਇਕਬਾਲ ਸਿੰਘ ਪਥਰਾਲਾ, ਬਲਾਕ ਖਜਾਨਚੀ ਲਾਭ ਸਿੰਘ ਫੱਲੜ,ਗਰਮੀਤ ਸਿੰਘ,ਜੋਧਾ ਸਿੰਘ,ਸਰਜੀਤ ਸਿੰਘ, ਪੱਪੂ ਸਿੰਘ ,ਕੁਲਦੀਪ ਸਿੰਘ ,ਅਮਨਦੀਪ ਸਿੰਘ, ਨਰਿੰਜਨ ਸਿੰਘ ,ਜਰਨੈਲ ਸਿੰਘ, ਬਲਦੇਵ ਸਿੰਘ,ਜੀਤ ਕੌਰ, ਗਿਆਨ ਕੌਰ ਅਤੇ ਸਕੂਲੀ ਬੱਚਿਆਂ ਦੇ ਮਾਪੇ ਹਾਜ਼ਰ ਸਨ।



