ਸਰਕਾਰੀ ਕਾਲਜਾਂ ‘ਚ ਵੱਡੇ ਪੱਧਰ ‘ਤੇ ਮਿਲੀ ਵਿੱਤੀ ਗੜਬੜ, 4 ਪ੍ਰਿੰਸੀਪਲਾਂ ਦਾ ਟਰਾਂਸਫਰ ਤੇ 2 ਨੂੰ ਸ਼ੋਅਕਾਜ਼ ਨੋਟਿਸ ਜਾਰੀ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ , 13 ਜੂਨ : ਸ਼ਹਿਰ ਦੇ ਸਰਕਾਰੀ ਕਾਲਜਾਂ ਵਿਚ ਪਿਛਲੇ ਕਈ ਸਾਲਾਂ ਤੋਂ ਵੱਡੇ ਪੱਧਰ ‘ਤੇ ਵਿੱਤੀ ਗੜਬੜ ਹੁੰਦੀ ਰਹੀ ਹੈ ਤੇ ਪ੍ਰਸ਼ਾਸਨ ਨੂੰ ਇਸ ਦੀ ਕੋਈ ਸੂਹ ਨਹੀਂ ਲੱਗੀ। ਜਦੋਂ ਮਾਮਲੇ ਦੀ ਪੁਸ਼ਟੀ ਹੋਈ, ਤਾਂ ਪ੍ਰਸ਼ਾਸਨ ਵੀ ਹਰਕਤ ਵਿਚ ਆ ਗਿਆ। ਪਿਛਲੇ ਹਫ਼ਤੇ ਸ਼ਹਿਰ ਦੇ ਦੋ ਉੱਘੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਵਿੱਤੀ ਗੜਬੜ ਦੇ ਕਾਰਨ ਸ਼ੋਅਕਾਜ਼ ਨੋਟਿਸ ਜਾਰੀ ਕੀਤਾ ਗਿਆ ਸੀ। ਆਡਿਟ ਰਿਪੋਰਟ ਅਤੇ ਜਾਂਚ ਵਿਚ ਯੂਟੀ ਪ੍ਰਸ਼ਾਸਨ ਨੂੰ ਕਈ ਗੰਭੀਰ ਬੇਨਿਯਮੀਆਂ ਮਿਲੀਆਂ ਹਨ। ਕਾਲਜਾਂ ਵਿਚ ਕੰਟ੍ਰੈਕਟ ਅਸਿਸਟੈਂਟ ਪ੍ਰੋਫੈਸਰ ਅਤੇ ਗੈਸਟ ਅਧਿਆਪਕਾਂ ਦੀ ਨਿਯੁਕਤੀ ਤੋਂ ਲੈ ਕੇ ਉਨ੍ਹਾਂ ਨੂੰ ਨਿਯਮਾਂ ਦੀ ਅਣਦੇਖੀ ਕਰ ਕੇ ਲੱਖਾਂ ਰੁਪਏ ਤਨਖਾਹ ਦੇ ਤੌਰ ’ਤੇ ਜਾਰੀ ਕਰ ਦਿੱਤੇ ਗਏ। ਮਾਮਲੇ ਵਿਚ ਉੱਚ ਪੱਧਰੀ ਜਾਂਚ ਦੇ ਹੁਕਮ ਦਿੱਤੇ ਗਏ ਹਨ। ਕਾਲਜਾਂ ਵਿਚ ਆਡਿਟ ਰਿਪੋਰਟ ਤਿਆਰ ਕਰਨ ਵੇਲੇ ਟੀਮ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਤੁਰੰਤ ਟ੍ਰਾਂਸਫਰ ਕਰ ਦਿੱਤੇ ਗਏ। ਵੀਰਵਾਰ ਨੂੰ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਸ਼ਹਿਰ ਦੇ ਚਾਰ ਸਰਕਾਰੀ ਕਾਲਜਾਂ ਦੇ ਪ੍ਰਿੰਸੀਪਲਾਂ ਦੇ ਟ੍ਰਾਂਸਫਰ ਦੇ ਹੁਕਮ ਜਾਰੀ ਕਰ ਦਿੱਤੇ ਗਏ। ਉੱਧਰ ਸੈਕਟਰ-10 ਸਥਿਤ ਗੌਰਮੈਂਟ ਹੋਮ ਸਾਇੰਸ ਕਾਲਜ ਦੇ ਪ੍ਰਿੰਸੀਪਲ ਤੋਂ ਡੀਡੀਓ ਪਾਵਰ ਖੋਹੀ ਗਈ ਹੈ। ਪੱਕੇ ਸਰੋਤਾਂ ਮੁਤਾਬਕ ਕਾਲਜਾਂ ਵਿਚ ਚੱਲ ਰਹੀ ਜਾਂਚ ਵਿਚ ਕਈ ਪ੍ਰਿੰਸੀਪਲ ਤੇ ਹੋਰ ਅਧਿਕਾਰੀ ਹੁਣ ਲਪੇਟੇ ਵਿਚ ਆਉਣ ਵਾਲੇ ਹਨ। ਮਾਮਲਾ ਯੂਟੀ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਦੇ ਕੋਲ ਪਹੁੰਚਿਆ, ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਤੁਰੰਤ ਕਰੜੀ ਕਾਰਵਾਈ ਦੇ ਹੁਕਮ ਜਾਰੀ ਕਰ ਦਿੱਤੇ ਗਏ। ਪੂਰੇ ਮਾਮਲੇ ਦੀ ਜਾਂਚ ਲਈ ਯੂਟੀ ਪ੍ਰਸ਼ਾਸਨ ਵੱਲੋਂ ਆਡਿਟ ਕਮੇਟੀ ਗਠਿਤ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਜੀਸੀਜੀ-11 ਅਤੇ ਹੋਮ ਸਾਇੰਸ ਕਾਲਜ ਦਾ ਆਡਿਟ ਪੂਰਾ ਹੋ ਚੁੱਕਾ ਹੈ, ਜਦਕਿ ਹੋਰ ਕਾਲਜਾਂ ਵਿਚ ਵੀ ਆਡਿਟ ਸ਼ੁਰੂ ਹੋ ਚੁੱਕਾ ਹੈ। ਹਫ਼ਤੇ ਭਰ ਵਿਚ ਸਾਰੇ ਕਾਲਜਾਂ ਵਿਚ ਵਿੱਤੀ ਗੋਲਮਾਲ ਦੀ ਰਿਪੋਰਟ ਯੂਟੀ ਪ੍ਰਸ਼ਾਸਕ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ। ਇਸ ਮਾਮਲੇ ਵਿਚ ਯੂਟੀ ਪ੍ਰਸ਼ਾਸਕ ਨੇ ਗੜਬੜ ਕਰਨ ਵਾਲਿਆਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਦੇ ਹੁਕਮ ਪਹਿਲਾਂ ਹੀ ਦੇ ਦਿੱਤੇ ਹਨ। ਇਕ ਹੀ ਸੀਟ ’ਤੇ ਕਈ ਸਾਲਾਂ ਤੋਂ ਬੈਠੇ ਕਾਲਜ ਅਧਿਕਾਰੀਆਂ ਦੇ ਬਾਰੇ ਵੀ ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟ ਮੰਗੀ ਜਾ ਰਹੀ ਹੈ।



