Punjab

ਸਫਲਤਾ ਨਾਲ ਚਲਾਏ ਜਾ ਰਹੇ ਸੈਲਫ ਹੈਲਪ ਗਰੁੱਪਾਂ ਲਈ ਵਿਧਾਨ ਸਭਾ ਕਮੇਟੀ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੀ ਸਰਾਹਨਾ

ਅੰਮ੍ਰਿਤਸਰ, 30 ਜੁਲਾਈ : ਪੰਚਾਇਤੀ ਰਾਜ ਸਬੰਧੀ ਬਣਾਈ ਗਈ ਵਿਧਾਨ ਸਭਾ ਦੀ ਵਿਸ਼ੇਸ਼ ਕਮੇਟੀ ਜਿਸ ਦੀ ਅਗਵਾਈ ਕਰਨ ਵਾਲੇ ਪ੍ਰਿੰਸੀਪਲ ਬੁੱਧ ਰਾਮ ਵੱਲੋਂ ਅੰਮ੍ਰਿਤਸਰ ਜ਼ਿਲ੍ਹੇ ’ਚ ਪੰਚਾਇਤੀ ਰਾਜ ਅਧੀਨ ਕਰਵਾਏ ਜਾ ਰਹੇ ਕੰਮਾਂ ਦੀ ਸਮੀਖਿਆ ਲਈ ਉਚ ਪੱਧਰੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿਚ ਅੰਮ੍ਰਿਤਸਰ ਦੇ ਨਾਲ-ਨਾਲ ਤਰਨ ਤਾਰਨ ਜ਼ਿਲ੍ਹੇ ਵਿਚ ਚੱਲ ਰਹੇ ਕੰਮਾਂ ਦਾ ਸਮੀਖਿਆ ਵੀ ਕੀਤੀ ਗਈ। ਕਮੇਟੀ ਮੈਂਬਰਾਂ ’ਚ ਵਿਧਾਇਕ ਦਿਨੇਸ਼ ਪੁਰੀ, ਸੁਖਵਿੰਦਰ ਸਿੰਘ ਕੋਟਲੀ, ਅਮੋਲਕ ਸਿੰਘ ਸ਼ਾਮਿਲ ਹਨ। ਇਸ ਮੌਕੇ ਕਮੇਟੀ ਮੈਂਬਰਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਪੰਚਾਇਤਾਂ ਅਧੀਨ ਚੱਲ ਰਹੇ ਕੰਮਾਂ ਦੀ ਸਮੀਖਿਆ ਕਰਦੇ ਹੋਏ ਪੰਚਾਇਤਾਂ ਨੂੰ ਪਿੰਡਾਂ ਦੇ ਵਿਕਾਸ ਕੰਮ ਕਰਨ, ਸਾਫ਼ ਸਫ਼ਾਈ, ਛੱਪੜਾਂ ਦੀ ਸਫ਼ਾਈ , ਮਨਰੇਗਾ ਅਧੀਨ ਲੋੜਵੰਦਾਂ ਨੂੰ ਰੁਜ਼ਗਾਰ ਦੇ ਮੌਕੇ ਦੇਣ, ਲੋੜਵੰਦਾਂ ਨੂੰ ਘਰ ਦੇਣ ਦੀ ਅਪੀਲ ਕਰਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਨ੍ਹਾਂ ਕੰਮਾਂ ਲਈ ਪੰਚਾਇਤਾਂ ਦੀ ਅਗਵਾਈ ਕਰਨ। ਇਸ ਮੌਕੇ ਕਮੇਟੀ ਮੈਂਬਰਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿਚ ਸਫ਼ਲਤਾ ਨਾਲ ਚੱਲ ਰਹੇ 2500 ਦੇ ਕਰੀਬ ਸੈੱਲਫ ਹੈੱਲਪ ਗਰੁੱਪਾਂ ਦੇ ਕੰਮਾਂ ਦੀ ਸਮੀਖਿਆ ਤੇ ਪ੍ਰਸ਼ਾਸਨ ਦੀ ਸਰਾਹਨਾ ਕੀਤੀ। ਪ੍ਰਿੰਸੀਪਲ ਬੁਧਰਾਮ ਨੇ ਪਿੰਡਾਂ ਵਿਚ ਵੱਧ ਤੋਂ ਵੱਧ ਖੇਡ ਸਟੇਡੀਅਮ ਬਣਾਉਣ ਦੀ ਹਦਾਇਤ ਕਰਦੇ ਕਿਹਾ ਕਿ ਨੌਜਵਾਨਾਂ ਨੂੰ ਨਸ਼ੇ ਵਿੱਚੋਂ ਕੱਢ ਕੇ ਖੇਡਾਂ ਨਾਲ ਜੋੜਨਾ ਬਹੁਤ ਅਹਿਮ ਹੈ ਅਤੇ ਇਸ ਲਈ ਮਨਰੇਗਾ ਅਧੀਨ ਵੱਧ ਤੋਂ ਵੱਧ ਕੰਮ ਕੀਤਾ ਜਾਵੇ। ਉਨ੍ਹਾਂ ਮਨਰੇਗਾ ਮਜ਼ਦੂਰਾਂ ਦੀਆਂ ਬਕਾਇਆ ਰਾਸ਼ੀ ਤੁਰੰਤ ਜਾਰੀ ਕਰਨ ਅਤੇ ਇਸ ਕੰਮ ਵਿਚ ਪਾਰਦਰਸ਼ਤਾ ਲਿਆਉਣ ਦੀ ਹਿਦਾਇਤ ਵੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਉਹ ਕਰਵਾਏ ਜਾਂਦੇ ਕੰਮ ਦੀ ਗੁਣਵੱਤਾ ਬਰਕਰਾਰ ਰੱਖਣ ਅਤੇ ਪਿੰਡਾਂ ਵਿਚ ਲਗਾਈਆਂ ਜਾ ਰਹੀਆਂ ਇੰਟਰਲੋਕ ਟਾਈਲਾਂ ਦੀ ਜਾਂਚ ਜ਼ਰੂਰ ਕਰਨ। ਇਸ ਮੌਕੇ ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਕਮੇਟੀ ਮੈਂਬਰਾਂ ਨੂੰ ਦੱਸਿਆ ਕਿ ਉਹ ਪਿੰਡਾਂ ਦੇ ਵਿਕਾਸ ਲਈ ਸਰਕਾਰ ਵੱਲੋਂ ਆਈਆਂ ਹਦਾਇਤਾਂ ਦੇ ਅਨੁਸਾਰ ਖੇਡ ਸਟੇਡੀਅਮ ਅਤੇ ਪਿੰਡਾਂ ਦੀ ਸਫਾਈ ਲਈ ਕੰਮ ਨਿਰੰਤਰ ਜਾਰੀ ਹਨ। ਇਸ ਮੌਕੇ ਡੀਸੀਪੀ ਆਲਮ ਵਿਜੇ ਸਿੰਘ, ਵਧੀਕ ਡਿਪਟੀ ਕਮਿਸ਼ਨਰ ਪਰਮਜੀਤ ਕੌਰ, ਡੀਡੀਪੀਓ ਸੰਦੀਪ ਮਲਹੋਤਰਾ, ਡੀਡੀਪੀਓ ਤਰਨ ਤਾਰਨ ਪਿਆਰਾ ਸਿੰਘ ਅਤੇ ਦੋਵਾਂ ਜ਼ਿਲ੍ਹਿਆਂ ਦੇ ਅਧਿਕਾਰੀ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button