
ਬਾਲ ਕਿਸ਼ਨ
ਫਿਰੋਜ਼ਪੁਰ, 13 ਜੂਨ : ਵਿਧਾਇਕ ਫ਼ਿਰੋਜ਼ਪੁਰ ਦਿਹਾਤੀ ਰਜਨੀਸ਼ ਦਹੀਆ ਵੱਲੋਂ ਸੱਚਖੰਡ ਸ਼੍ਰੀ ਹਜੂਰ ਸਾਹਿਬ ਵਾਸਤੇ ਸ਼ੁਰੂ ਹੋਈ ਸਪੈਸ਼ਲ ਰੇਲ ਗੱਡੀ ਲਈ ਸਮੂਹ ਸੰਗਤਾਂ ਵਲੋਂ ਸ਼ੁਕਰਾਨੇ ਵਜੋਂ ਗੁਰਦੁਆਰਾ ਸ੍ਰੀ ਜਾਮਨੀ ਸਾਹਿਬ ਵਿਖੇ ਅਰਦਾਸ ਕਰਵਾਈ ਗਈ। ਇਸ ਮੌਕੇ ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ 10 ਮਈ 2022 ਨੂੰ ਸੱਚਖੰਡ ਵਾਸਤੇ ਰੇਲ ਗੱਡੀ ਚਲਾਉਣ ਦੀ ਲਈ ਮੰਗ ਪੱਤਰ ਭਾਰਤ ਸਰਕਾਰ ਦੇ ਨਾਮ ਤੇ ਉਸ ਵੇਲੇ ਦੀ ਮੰਡਲ ਰੇਲ ਪ੍ਰਬੰਧਕ ਸੀਮਾ ਸ਼ਰਮਾ ਨੂੰ ਦਿੱਤਾ ਗਿਆ ਸੀ। ਕਰੀਬ ਤਿੰਨ ਸਾਲ ਬਾਅਦ ਸੱਚਖੰਡ ਵਾਸਤੇ ਇਸ ਰੂਟ ਤੇ ਫਿਰੋਜ਼ਪੁਰ ਤੋਂ ਸਪੈਸ਼ਲ ਗੱਡੀ ਚੱਲਣ ਦਾ ਐਲਾਨ ਹੋਇਆ ਸੀ। ਹਲਕਾ ਵਿਧਾਇਕ ਵੱਲੋਂ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਕਰਾਉਣ ਲਈ ਫਿਰੋਜ਼ਪੁਰ ਦਿਹਾਤੀ ਦੀਆਂ ਸਮੂਹ ਸਾਧ ਸੰਗਤਾਂ ਨੂੰ ਹਾਜ਼ਰ ਹੋਣ ਲਈ ਸੱਦਾ ਦਿੱਤਾ ਗਿਆ ਸੀ। ਸ਼ੁੱਕਰਵਾਰ ਸਵੇਰੇ ਕਰੀਬ 10 ਵਜੇ ਵੱਖ-ਵੱਖ ਪਿੰਡਾਂ ਦੇ ਸਰਪੰਚ ਸਾਹਿਬਾਨਾਂ, ਮਾਰਕੀਟ ਕਮੇਟੀ ਦੇ ਚੇਅਰਮੈਨ ਸਾਹਿਬਾਨਾਂ ਅਤੇ ਵੱਖ-ਵੱਖ ਅਹੁਦੇਦਾਰਾਂ ਨੂੰ ਨਾਲ ਲੈ ਕੇ ਵਿਧਾਇਕ ਦਹੀਆ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਪਹੁੰਚੇ ਅਤੇ ਉਨ੍ਹਾਂ ਨੇ ਗੁਰਦੁਆਰਾ ਸਾਹਿਬ ਤੇ ਸਿੰਘ ਸਾਹਿਬਾਨਾਂ ਪਾਸੋਂ ਸ਼ੁਕਰਾਨੇ ਵਜੋਂ ਅਰਦਾਸ ਕਰਵਾਈ ਗਈ। ਇਸ ਮੌਕੇ ਅਹਿਮਦਾਬਾਦ ਵਿਖੇ ਹੋਏ ਹਵਾਈ ਜਹਾਜ਼ ਹਾਦਸੇ ਵਿੱਚ ਜਾਨ ਗਵਾ ਚੁੱਕੇ ਲੋਕਾਂ ਦੀ ਆਤਮਿਕ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਲਈ ਵੀ ਅਰਦਾਸ ਬੇਨਤੀ ਕੀਤੀ ਗਈ। ਵਿਧਾਇਕ ਰਜਨੀਸ਼ ਦਹੀਆ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਫਿਰੋਜ਼ਪੁਰ ਰੇਲਵੇ ਸਟੇਸ਼ਨ ’ਤੇ ਜਾ ਕੇ ਸੱਚਖੰਡ ਜਾਣ ਵਾਲੀਆਂ ਸੰਗਤਾਂ ਦਾ ਮਾਣ ਸਤਿਕਾਰ ਅਤੇ ਰੇਲ ਗੱਡੀ ਨੂੰ ਲਿਜਾਣ ਵਾਲੇ ਮੁਲਾਜ਼ਮਾਂ ਦਾ ਵੀ ਮਾਣ ਸਤਿਕਾਰ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਸੀ, ਪਰ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਦੁਖਾਂਤ ਘਟਨਾ ਤੋਂ ਬਾਅਦ ਮਾਨ ਸਤਿਕਾਰ ਕਰਨ ਦੇ ਪ੍ਰੋਗਰਾਮ ਨੂੰ ਰੱਦ ਕਰ ਦਿੱਤਾ ਗਿਆ ਸੀ। ਨਗਰ ਪੰਚਾਇਤ ਮਮਦੋਟ ਪ੍ਰਧਾਨ ਉਪਿੰਦਰ ਸਿੰਘ ਸਿੰਧੀ, ਮਾਰਕੀਟ ਕਮੇਟੀ ਫਿਰੋਜ਼ਪੁਰ ਦਿਹਾਤੀ ਦੇ ਚੇਅਰਮੈਨ ਬੇਅੰਤ ਸਿੰਘ, ਮਾਰਕੀਟ ਕਮੇਟੀ ਮਮਦੋਟ ਦੇ ਚੇਅਰਮੈਨ ਬਲਰਾਜ ਸਿੰਘ ਸੰਧੂ ਅਤੇ ਪਾਰਟੀ ਦੇ ਅਹੁਦੇਦਾਰ ਸਾਹਿਬਾਨਾਂ ਵੱਲੋਂ ਰੇਲਵੇ ਸਟੇਸ਼ਨ ਤੇ ਦੇਗ ਵਰਤਾਈ ਗਈ ਅਤੇ ਜਲਸੇਵਾ ਕੀਤੀ ਗਈ। ਇਸ ਮੌਕੇ ਸੀਨੀਅਰ ਆਗੂ ਭੁਪਿੰਦਰ ਕੌਰ ਸੰਧੂ, ਜਗਮੀਤ ਸਿੰਘ ਭੁੱਲਰ ਸਰਪੰਚ ਸ਼ੇਰ ਖਾਂ, ਅਵਤਾਰ ਸਿੰਘ ਸਰਪੰਚ, ਬਲਵਿੰਦਰ ਸਿੰਘ ਲੱਡੂ ਜ਼ਿਲਾ ਮੀਤ ਪ੍ਰਧਾਨ ਬੀਸੀ ਵਿੰਗ, ਪਰਮਜੀਤ ਸਿੰਘ ਜੰਮੂ ਸਮੇਤ ਕਈ ਸੀਨੀਅਰ ਆਗੂ ਹਾਜ਼ਰ ਸਨ।



