
ਖਾਲੜਾ, 22 ਦਸੰਬਰ : ਤਰਨਤਾਰਨ ਜ਼ਿਲ੍ਹੇ ਦੇ ਪਿੰਡ ਮਾੜੀ ਕੰਬੋਕੇ ਵਿਖੇ ਜ਼ਮੀਨੀ ਵੰਡ ਨੂੰ ਲੈ ਕੇ ਹੋਏ ਝਗੜੇ ਦੀ ਰੰਜਿਸ਼ ਤਹਿਤ ਕਥਿਤ ਤੌਰ ’ਤੇ ਸਕੇ ਭਰਾ, ਭਰਜਾਈ ਅਤੇ ਭਤੀਜੇ ਵੱਲੋਂ 70 ਸਾਲਾ ਬਜ਼ੁਰਗ ਵਿਅਕਤੀ ਨੂੰ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੌਕੇ ’ਤੇ ਪੁੱਜੀ ਥਾਣਾ ਖਾਲੜਾ ਦੀ ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਤਿੰਨਾਂ ਖਿਲਾਫ ਕਤਲ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਅਮਰਜੀਤ ਸਿੰਘ ਵਾਸੀ ਮਾੜੀ ਕੰਬੋਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦਾ ਪਿਤਾ ਜਗਤਾਰ ਸਿੰਘ (70) ਲੰਘੀ ਸ਼ਾਮ ਖਾਣਾ ਖਾ ਕੇ ਬਾਹਰ ਹਵੇਲੀ ਵੱਲ ਸੈਰ ਕਰਨ ਗਿਆ ਸੀ। ਇਸੇ ਦੌਰਾਨ ਉਨ੍ਹਾਂ ਦੇ ਚਾਚੇ ਦਿਲਬਾਗ ਸਿੰਘ, ਚਾਚੀ ਸੁਖਜਿੰਦਰ ਕੌਰ ਅਤੇ ਉਨ੍ਹਾਂ ਦੇ ਲੜਕੇ ਗੁਰਲਾਲ ਸਿੰਘ ਨੇ ਉਸਦੇ ਪਿਤਾ ਦੀ ਖਿੱਚ ਧੂਹ ਕਰਨੀ ਸ਼ੁਰ ਕਰ ਦਿੱਤੀ। ਜਦੋਂਕਿ ਗੁਰਲਾਲ ਸਿੰਘ ਨੇ ਉਸਦੇ ਪਿਤਾ ਦੇ ਪੇਟ ਹੇਠਾਂ ਲੱਤ ਮਾਰੀ ਤਾਂ ਉਹ ਉਥੇ ਹੀ ਡਿੱਗ ਗਏ। ਜਦੋਂਕਿ ਸਾਰੇ ਹਮਲਾਵਰ ਮੌਕੇ ਤੋਂ ਭੱਜ ਗਏ। ਉਹ ਆਪਣੇ ਪਿਤਾ ਨੂੰ ਹਸਪਤਾਲ ਲਿਜਾਣ ਲੱਗੇ ਤਾਂ ਵੇਖਿਆ ਕਿ ਉਨ੍ਹਾਂ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਸ਼ਿਕਾਇਤ ਵਿਚ ਇਹ ਵੀ ਦੱਸਿਆ ਕਿ ਜ਼ਮੀਨੀ ਵੰਡ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸਦੀ ਰੰਜਿਸ਼ ਤਹਿਤ ਉਨ੍ਹਾਂ ਦੇ ਪਿਤਾ ਦੀ ਹੱਤਿਆ ਕਰ ਦਿੱਤੀ ਗਈ ਹੈ। ਮੌਕੇ ’ਤੇ ਪੁੱਜੇ ਥਾਣਾ ਖਾਲੜਾ ਦੇ ਮੁਖੀ ਸਬ ਇੰਸਪੈਕਟਰ ਬਲਜਿੰਦਰ ਸਿੰਘ ਨੇ ਦੱਸਿਆ ਕਿ ਅਮਰਜੀਤ ਸਿੰਘ ਦੇ ਬਿਆਨਾਂ ’ਤੇ ਦਿਲਬਾਗ ਸਿੰਘ, ਸੁਖਜਿੰਦਰ ਕੌਰ ਅਤੇ ਗੁਰਲਾਲ ਸਿੰਘ ਨੂੰ ਕਤਲ ਦੀਆਂ ਧਾਰਾਵਾਂ ਤਹਿਤ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।



