
ਮੁਕੇਰੀਆਂ, 27 ਨਵੰਬਰ : ਜਲੰਧਰ-ਪਠਾਨਕੋਟ ਕੌਮੀ ਰਾਜ ਮਾਰਗ ’ਤੇ ਸਥਿਤ ਫਿਲਿੰਗ ਸਟੇਸ਼ਨ ਦੇ ਸਾਹਮਣੇ ਸਕੂਲ ਬੱਸ ਚਾਲਕ ਵੱਲੋਂ ਸਕੂਟੀ ਨੂੰ ਟੱਕਰ ਮਾਰ ਦੇਣ ਕਾਰਨ ਵਿਦਿਆਰਥਣ ਦੀ ਮੌਤ ਹੋਣ ਅਤੇ ਤਿੰਨ ਜਣਿਆਂ ਦੇ ਜ਼ਖ਼ਮੀ ਹੋਣ ਦੀ ਦੁਖ਼ਦ ਖ਼ਬਰ ਮਿਲੀ ਹੈ। ਜ਼ਿਕਰਯੋਗ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਤਿੰਨੇ ਬੱਚੇ 8ਵੀਂ, 6ਵੀਂ ਅਤੇ ਯੂਕੇਜੀ ਜਮਾਤ ਵਿਚ ਪੜ੍ਹਦੇ ਸਨ ਤੇ ਸੇਂਟ ਜੋਸੇਫ਼ ਕਾਨਵੈਂਟ ਸਕੂਲ ਮੁਕੇਰੀਆਂ ਦੇ ਵਿਦਿਆਰਥੀ ਸਨ ਤੇ ਬੱਸ ਵੀ ਉਸੇ ਸਕੂਲ ਦੀ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਪੂਨਮ ਪਤਨੀ ਸਸ਼ੀਪਾਲ ਵਾਸੀ ਬੱਧੂਪੁਰ ਸਵੇਰੇ ਕਰੀਬ 9 ਵਜੇ ਆਪਣੇ ਪੁੱਤਰ ਅਭਿਜੋਤ (11), ਧੀ ਮਹਿਨਾਜ਼ (6) ਅਤੇ ਆਪਣੇ ਰਿਸ਼ਤੇਦਾਰ ਦੀ ਧੀ ਜੈਸਿਕਾ (13) ਨੂੰ ਸਕੂਟਰੀ ’ਤੇ ਬਿਠਾ ਕੇ ਸਕੂਲ ਛੱਡਣ ਜਾ ਰਹੀ ਸੀ। ਜਿਵੇਂ ਹੀ ਉਹ ਸਕੂਲ ਲਾਗੇ ਫਿਲਿੰਗ ਸਟੇਸ਼ਨ ’ਤੇ ਪੁੱਜੀ ਤਾਂ ਪ੍ਰਾਈਵੇਟ ਸਕੂਲ ਦੀ ਬੱਸ ਚਲਾ ਰਹੇ ਲਾਪਰਵਾਹ ਡਰਾਈਵਰ ਨੇ ਉਨ੍ਹਾਂ ਨੂੰ ਲਪੇਟ ਵਿਚ ਲੈ ਲਿਆ। ਸਿੱਟੇ ਵਜੋਂ ਸਕੂਟਰੀ ਚਾਲਕ ਔਰਤ ਸਮੇਤ ਤਿੰਨੇ ਬੱਚੇ ਜਖ਼ਮੀ ਹੋ ਗਏ, ਜਿਨ੍ਹਾਂ ਨੂੰ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਮੁਕੇਰੀਆਂ ਲਿਆਂਦਾ ਗਿਆ, ਉਥੇ ਡਿਊਟੀ ਉੱਤੇ ਤਾਇਨਾਤ ਡਾਕਟਰਾਂ ਨੇ ਜੈਸਿਕਾ ਪੁੱਤਰੀ ਦੀਪਕ ਨੂੰ ਮ੍ਰਿਤਕ ਐਲਾਨ ਦਿੱਤਾ ਜਦਕਿ ਬਾਕੀ ਤਿੰਨਾਂ ਜ਼ਖ਼ਮੀਆਂ ਨੂੰ ਮੁੱਢਲੀ ਮੈਡੀਕਲ ਮਦਦ ਦੇ ਕੇ ਘਰ ਨੂੰ ਭੇਜ ਦਿੱਤਾ ਗਿਆ। ਥਾਣਾ ਮੁਕੇਰੀਆਂ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਹਾਦਸੇ ਵਾਲੀ ਥਾਂ ਦਾ ਜਾਇਜ਼ਾ ਲੈਣ ਮਗਰੋਂ ਬੱਸ ਨੂੰ ਕਬਜ਼ੇ ਵਿਚ ਲੈ ਲਿਆ ਹੈ ਤੇ ਇਸ ਕੇਸ ਵਿਚ ਅਗਲੇਰੀ ਕਾਰਵਾਈ ਜਾਰੀ ਹੈ। ਇਸ ਸਬੰਧ ਵਿਚ ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਲਾਪਰਵਾਹੀ ਨਾਲ ਸਕੂਲੀ ਬੱਸਾਂ ਚਲਾਉਣ ਵਾਲੇ ਡਰਾਈਵਰਾਂ ਲਈ ਹਦਾਇਤਨਾਮਾ ਜਾਰੀ ਕੀਤਾ ਜਾਵੇ ਤਾਂ ਜੋ ਨਿੱਤ ਵਾਪਰਦੇ ਹਾਦਸੇ ਘੱਟ ਸਕਣ।



