
ਆਦਮਪੁਰ, 22 ਜੁਲਾਈ : ਸ਼ਹਿਰ ’ਚ ਸਥਿਤ ਐੱਸਡੀ ਪਬਲਿਕ ਸਕੂਲ ’ਚ ਸੋਮਵਾਰ ਸਵੇਰੇ ਇਕ ਦੁਖਦਾਈ ਘਟਨਾ ਵਾਪਰੀ। 4 ਸਾਲਾ ਮਾਸੂਮ ਬੱਚੀ ਕੀਰਤ ਕੌਰ ਪੁੱਤਰੀ ਇੰਦਰਜੀਤ ਕੁਮਾਰ ਵਾਸੀ ਪਿੰਡ ਉਦੇਸੀਆਂ ਦੀ ਸਕੂਲ ਦੇ ਅੰਦਰ ਹੀ ਇਕ ਸਕੂਲ ਬੱਸ ਹੇਠਾਂ ਆਉਣ ਕਾਰਨ ਮੌਤ ਹੋ ਗਈ। ਘਟਨਾ ਤੋਂ ਬਾਅਦ ਗੁੱਸੇ ’ਚ ਆਏ ਪਿੰਡ ਵਾਸੀਆਂ ਤੇ ਸਮਾਜਿਕ ਸੰਗਠਨਾਂ ਨੇ ਸਕੂਲ ਨੂੰ ਘੇਰ ਲਿਆ ਤੇ ਸਕੂਲ ਦੀ ਲਾਪਰਵਾਹੀ ਕਾਰਨ ਰਾਸ਼ਟਰੀ ਰਾਜਮਾਰਗ ਜਾਮ ਕਰ ਦਿੱਤਾ। ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਹਰ ਰੋਜ਼ ਵਾਂਗ ਸੋਮਵਾਰ ਸਵੇਰੇ ਵੀ ਲੜਕੀ ਦੇ ਪਿਤਾ ਇੰਦਰਜੀਤ ਕੁਮਾਰ ਨੇ ਆਪਣੀ ਧੀ ਨੂੰ ਬੱਸ ’ਚ ਸਕੂਲ ਭੇਜਿਆ ਤੇ ਖੁਦ ਆਪਣੇ ਕੰਮ ’ਤੇ ਚਲਾ ਗਿਆ। ਥੋੜ੍ਹੀ ਦੇਰ ਬਾਅਦ ਉਸ ਨੂੰ ਸਕੂਲ ਪ੍ਰਬੰਧਨ ਦਾ ਫੋਨ ਆਇਆ ਕਿ ਉਸਦੀ ਧੀ ਨੂੰ ਬੱਸ ਨੇ ਟੱਕਰ ਮਾਰ ਦਿੱਤੀ ਹੈ ਤੇ ਉਹ ਗੰਭੀਰ ਜ਼ਖਮੀ ਹੋ ਗਈ ਹੈ। ਜਦੋਂ ਚਿੰਤਤ ਪਿਤਾ ਪਹੁੰਚੇ ਤਾਂ ਉਸ ਨੂੰ ਪਹਿਲਾਂ ਆਦਮਪੁਰ ਦੇ ਮਿਗਲਾਨੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਇਨਕਾਰ ਕਰ ਦਿੱਤਾ ਗਿਆ। ਬਾਅਦ ’ਚ ਲੜਕੀ ਨੂੰ ਰਾਮਾ ਮੰਡੀ ਜਲੰਧਰ ਦੇ ਜੌਹਲ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਇਲਾਜ ਦੌਰਾਨ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਘਟਨਾ ਦੀ ਸੂਚਨਾ ਫ਼ੈਲਦੇ ਹੀ ਇਲਾਕੇ ’ਚ ਤਣਾਅ ਦਾ ਮਾਹੌਲ ਬਣ ਗਿਆ। ਕਰਨ ਚੁੰਬਰ ਪ੍ਰਧਾਨ ਅੰਬੇਡਕਰ ਟਾਈਗਰ ਫੋਰਸ ਪੰਜਾਬ ਤੇ ਬਸਪਾ ਆਗੂ ਮਨਪ੍ਰੀਤ ਮੰਤਰੀ ਸਮੇਤ ਕਈ ਸਮਾਜਿਕ ਸੰਗਠਨਾਂ ਦੇ ਕਾਰਕੁੰਨ ਮੌਕੇ ’ਤੇ ਪਹੁੰਚੇ ਤੇ ਸਕੂਲ ਪ੍ਰਸ਼ਾਸਨ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਉਨ੍ਹਾਂ ਨੇ ਆਦਮਪੁਰ ’ਚ ਹਾਈਵੇਅ ਜਾਮ ਕਰ ਦਿੱਤਾ। ਕਰਨ ਚੁੰਬਰ ਨੇ ਕਿਹਾ ਕਿ ਉਹ ਪੀੜਤ ਪਰਿਵਾਰ ਦੇ ਨਾਲ ਖੜ੍ਹੇ ਹਨ ਜੇਕਰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਵਿਰੋਧ ਤੇਜ਼ ਹੋ ਜਾਵੇਗਾ। ਅਜਿਹੀਆਂ ਘਟਨਾਵਾਂ ਲਈ ਸਕੂਲ ਪ੍ਰਸ਼ਾਸਨ ਨੂੰ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ। ਮੌਕੇ ’ਤੇ ਪਹੁੰਚੇ ਐੱਸਐੱਚਓ ਆਦਮਪੁਰ ਹਰਦੇਵਪ੍ਰੀਤ ਸਿੰਘ ਨੇ ਸਥਿਤੀ ਨੂੰ ਸੰਭਾਲਦੇ ਹੋਏ ਕਿਹਾ ਕਿ ਬੱਸ ਡਰਾਈਵਰ ਜੀਵਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਇਸ ਦੇ ਨਾਲ ਹੀ ਸਕੂਲ ਪ੍ਰਿੰਸੀਪਲ ਬਿੰਦੂ, ਚੇਅਰਮੈਨ ਸਵਾਮੀ ਰਾਮ ਭਾਰਤੀ, ਮੈਨੇਜਰ ਮੰਗਤ ਰਾਮ ਸ਼ਰਮਾ ਤੇ ਮੈਨੇਜਮੈਂਟ ਕਮੇਟੀ ਦੇ ਹੋਰ ਮੈਂਬਰਾਂ ਰਮੇਸ਼ ਚੰਦਰ ਦੱਤਾ, ਮੀਨਾ ਪ੍ਰਮਾਰ, ਕ੍ਰਿਸ਼ਨ ਕੁਮਾਰ ਬੱਗਾ, ਪ੍ਰਾਣ ਨਾਥ ਸ਼ਰਮਾ, ਕੁਲਦੀਪ ਦੁੱਗਲ, ਜਤਿੰਦਰ ਕੁਮਾਰ ਡੋਗਰਾ, ਸ਼ਾਮ ਸੁੰਦਰ ਸ਼ਰਮਾ ਵਿਰੁੱਧ ਵੀ ਐੱਫਆਈਆਰ ਦਰਜ ਕੀਤੀ ਗਈ ਹੈ। ਬਾਕੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਇਸ ਮੌਕੇ ਰਵੀ ਚੁੰਬਰ (ਮੀਤ ਪ੍ਰਧਾਨ ਗੁਰੂ ਰਵਿਦਾਸ ਟਾਈਗਰ ਫੋਰਸ), ਜੱਸਾ ਲਸਾੜੀਵਾਲ, ਜਥੇਦਾਰ ਤਜਿੰਦਰ ਸਿੰਘ (ਦੋਆਬਾ ਜ਼ੋਨ), ਪਵਨਦੀਪ ਸਿੰਘ ਖਾਲਸਾ, ਜਸਵੀਰ ਸਿੰਘ ਖਾਲਸਾ, ਮਦਨ ਮੱਦੀ, ਹਰਜਿੰਦਰ ਬਿੱਲਾ, ਸੁਖਦੇਵ ਸਿੰਘ, ਸੋਡੀ ਲੰਮਾ ਪਿੰਡ, ਸਿਮਰ ਦਮੁੰਡਾ, ਅਕਸ਼ੈ ਉਦੇਸੀਆਂ, ਕੁਲਵੀਰ ਸਿੰਘ ਤੇ ਅਨਿਲ ਚੋਮੋ ਸਮੇਤ ਬਹੁਤ ਸਾਰੇ ਸਮਾਜ ਸੇਵੀ ਤੇ ਪਿੰਡ ਵਾਸੀ ਹਾਜ਼ਰ ਸਨ। ਲਾਪ੍ਰਵਾਹੀ ਵਰਤਣ ਵਾਲਿਆਂ ਨੂੰ ਕਿਸੇ ਵੀ ਹਾਲ ’ਚ ਨਾ ਬਖਸ਼ਿਆ ਜਾਵੇ ਕੁੜੀ ਦੇ ਪਿਤਾ ਇੰਦਰਜੀਤ ਕੁਮਾਰ ਦਾ ਰੋ-ਰੋ ਕੇ ਬੁਰਾ ਹਾਲ ਸੀ। ਉਸਦੀ ਮਾਂ ਬੇਹੋਸ਼ ਹੋ ਗਈ ਸੀ। ਰੋਂਦੇ ਹੋਏ ਪਿਤਾ ਨੇ ਡੂੰਘੇ ਦੁੱਖ ਤੇ ਗੁੱਸੇ ’ਚ ਕਿਹਾ ਕਿ ਜਿਨ੍ਹਾਂ ਦੀ ਲਾਪ੍ਰਵਾਹੀ ਨਾਲ ਮੇਰੀ ਧੀ ਦੀ ਜਾਨ ਗਈ ਹੈ, ਮੇਰੀ ਧੀ ਨਾਲ ਇਹ ਸਭ ਹੋਇਆ, ਉਨ੍ਹਾਂ ਨੂੰ ਕਿਸੇ ਵੀ ਹਾਲ ’ਚ ਬਖਸ਼ਿਆ ਨਹੀਂ ਜਾਣਾ ਚਾਹੀਦਾ। ਪਹਿਲਾਂ ਵੀ ਵਾਪਰੀਆਂ ਅਜਿਹੀਆਂ ਘਟਨਾਵਾਂ ਅਜਿਹੀਆਂ ਘਟਨਾਵਾਂ ਪਹਿਲਾਂ ਵੀ ਵਾਪਰੀਆਂ ਹਨ, ਜਿਸ ’ਚ ਬੱਚਿਆਂ ਨੇ ਆਪਣੀ ਜਾਨ ਗੁਆ ਦਿੱਤੀ ਜਾਂ ਉਨ੍ਹਾਂ ਦੀ ਜਾਨ ਖ਼ਤਰੇ ’ਚ ਸੀ। 4 ਜੁਲਾਈ 2025 ਨੂੰ ਫਿਲੌਰ ’ਚ ਇਕ ਸਕੂਲ ਬੱਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ, ਬੱਚਿਆਂ ਨਾਲ ਭਰੀ ਬੱਸ ਨੂੰ ਲਾਪਰਵਾਹੀ ਨਾਲ ਚਲਾਇਆ ਤੇ ਕਈ ਵਾਹਨਾਂ ਨੂੰ ਟੱਕਰ ਮਾਰੀ। ਇਸ ਤੋਂ ਪਹਿਲਾਂ 2013 ’ਚ ਇਕ ਸਕੂਲ ਬੱਸ ਤੇ ਇੱਟਾਂ ਨਾਲ ਭਰੀ ਟਰਾਲੀ ਵਿਚਕਾਰ ਹੋਈ ਟੱਕਰ ’ਚ ਕਈ ਬੱਚਿਆਂ ਦੀ ਮੌਤ ਹੋ ਗਈ ਸੀ। ਸਾਲ 2008 ’ਚ ਆਰੂਸ਼ ਨਾਮ ਦੇ ਇਕ ਸੱਤ ਸਾਲਾ ਬੱਚੇ ਦੀ ਸਕੂਲ ਬੱਸ ਹੇਠ ਆਉਣ ਨਾਲ ਮੌਤ ਹੋ ਗਈ ਸੀ।



