
ਨਵੀਂ ਦਿੱਲੀ, 21 ਜੁਲਾਈ : ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਦੇ ਉੱਤਰਾ ਖੇਤਰ ਵਿੱਚ ਮਾਈਲਸਟੋਨ ਸਕੂਲ ਅਤੇ ਕਾਲਜ ਦੇ ਕੈਂਪਸ ਵਿੱਚ ਬੰਗਲਾਦੇਸ਼ ਹਵਾਈ ਸੈਨਾ ਦਾ ਇੱਕ ਸਿਖਲਾਈ ਜੈੱਟ F-7 BJI ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਭਿਆਨਕ ਹਾਦਸੇ ਨਾਲ ਇਲਾਕੇ ਵਿੱਚ ਦਹਿਸ਼ਤ ਫੈਲ ਗਈ ਹੈ। ਬੰਗਲਾਦੇਸ਼ੀ ਅਖਬਾਰ ਡੇਲੀ ਸਟਾਰ ਨੇ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨ ਡਾਇਰੈਕਟੋਰੇਟ ਦੇ ਹਵਾਲੇ ਨਾਲ ਕਿਹਾ ਕਿ ਜੈੱਟ ਦੇ ਹਾਦਸੇ ਨਾਲ ਸਕੂਲ ਦੇ ਕੈਂਪਸ ਨੂੰ ਭਾਰੀ ਨੁਕਸਾਨ ਹੋਇਆ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ਵਿੱਚ ਸੜਦੇ ਮਲਬੇ ਅਤੇ ਜ਼ਖਮੀਆਂ ਦੀਆਂ ਤਸਵੀਰਾਂ ਵੇਖੀਆਂ ਜਾ ਸਕਦੀਆਂ ਹਨ। ਚਸ਼ਮਦੀਦਾਂ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਚਾਰੇ ਪਾਸੇ ਧੂੰਆਂ ਅਤੇ ਚੀਕ-ਚਿਹਾੜਾ ਸੀ।ਜ਼ਖਮੀਆਂ ਨੂੰ ਤੁਰੰਤ ਨੇੜਲੇ ਹਸਪਤਾਲਾਂ ਵਿੱਚ ਲਿਜਾਇਆ ਗਿਆ, ਪਰ ਅਜੇ ਤੱਕ ਮ੍ਰਿਤਕਾਂ ਦੀ ਸਹੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ ਹੈ। ਮੌਜੂਦਾ ਜਾਣਕਾਰੀ ਅਨੁਸਾਰ, ਘੱਟੋ-ਘੱਟ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਇਸ ਹਾਦਸੇ ਵਿੱਚ ਕਈ ਲੋਕਾਂ ਦੀ ਮੌਤ ਹੋਣ ਦਾ ਖਦਸ਼ਾ ਹੈ।



