Punjab

ਸਕੂਲ ਆ ਕੇ ਸਰਕਾਰੀ ਅਧਿਆਪਕਾ ਨਾਲ ਬੱਚੇ ਦੇ ਮਾਪਿਆਂ ਨੇ ਕੀਤੀ ਕੁੱਟਮਾਰ

ਤਰਨਤਾਰਨ, 28 ਜੁਲਾਈ : ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ’ਚ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਇਕ ਵਿਦਿਆਰਥੀ ਵੱਲੋਂ ਕਥਿਤ ਤੌਰ ’ਤੇ ਕਲਾਸ ’ਚ ਪੇਸ਼ਾਬ ਕਰਨ ਦੀ ਪੁੱਛਗਿੱਛ ਕਰਨ ਕਾਰਨ ਉਕਤ ਬੱਚੇ ਦੇ ਮਾਪਿਆਂ ਵੱਲੋਂ ਕਥਿਤ ਤੌਰ ’ਤੇ ਅਧਿਆਪਕਾ ਦੀ ਸਕੂਲ ’ਚ ਆ ਕੇ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਸਬੰਧੀ ਥਾਣਾ ਸਦਰ ਤਰਨਤਾਰਨ ਦੀ ਪੁਲਿਸ ਨੇ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੰਡੋਰੀ ਗੋਲਾ ਦੇ ਸਰਕਾਰੀ ਸਕੂਲ ਦੀ ਮੈਥ ਅਧਿਆਪਕਾ ਅਮਨਦੀਪ ਕੌਰ ਨੇ ਦੱਸਿਆ ਕਿ 22 ਜੁਲਾਈ ਨੂੰ ਅੱਠਵੀਂ ਜਮਾਤ ਦੇ ਇਕ ਬੱਚੇ ਵੱਲੋਂ ਕਲਾਸ ’ਚ ਪੇਸ਼ਾਬ ਕਰਨ ਦੀ ਹਰਕਤ ਕੀਤੀ ਸੀ। ਜਿਸ ਨੂੰ ਸਕੂਲ ਦੇ ਹੋਰ ਵਿਦਿਆਰਥੀਆਂ ਨੇ ਵੇਖ ਲਿਆ ਅਤੇ ਕਲਾਸ ਦੀ ਅਧਿਆਪਕਾ ਨੂੰ ਨਾ ਦੱਸ ਕੇ ਬੱਚਿਆਂ ਨੇ ਉਨ੍ਹਾਂ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ। ਬੱਚੇ ਵੱਲੋਂ ਇਹ ਹਰਕਤ ਆਖਰੀ ਪੀਰੀਅਡ ਦੌਰਾਨ ਕੀਤੀ ਗਈ ਸੀ ਅਤੇ ਛੁੱਟੀ ਉਪਰੰਤ ਉਸ ਨੇ ਬੱਚੇ ਕੋਲੋਂ ਇਸ ਸਬੰਧੀ ਜਾਣਕਾਰੀ ਲੈਣੀ ਚਾਹੀ ਪਰ ਉਸ ਨੇ ਕੋਈ ਸਹਿਯੋਗ ਨਾ ਦਿੱਤਾ। ਬਾਅਦ ’ਚ ਉਹ ਲੜਕਾ ਘਰ ਚਲਾ ਗਿਆ। ਅਗਲੇ ਦਿਨ ਉਹ ਪੇਸ਼ਾਬ ਕਰਨ ਦੀ ਸੱਚਾਈ ਦਾ ਪਤਾ ਕਰਨ ਲਈ ਕਲਾਸ ’ਚ ਗਏ ਤਾਂ ਬਦਬੂ ਕਾਰਨ ਬੱਚੇ ਕਾਫੀ ਪਰੇਸ਼ਾਨ ਸਨ, ਜਿਨ੍ਹਾਂ ਨੂੰ ਤੁਰੰਤ ਕਿਸੇ ਹੋਰ ਕਲਾਸ ’ਚ ਤਬਦੀਲ ਕਰਵਾਇਆ ਤੇ ਕਲਾਸ ਦੀ ਸਫਾਈ ਕਰਵਾਈ ਗਈ। ਉਨ੍ਹਾਂ ਦੱਸਿਆ ਕਿ ਉਸ ਦਿਨ ਤੋਂ ਬਾਅਦ ਬੱਚਾ ਸਕੂਲ ਨਹੀਂ ਆਇਆ ਪਰ ਇਸ ਦੌਰਾਨ ਉਸ ਦੇ ਪਿਤਾ ਵੱਲੋਂ ਧਮਕਾਇਆ ਜ਼ਰੂਰ ਜਾਂਦਾ ਰਿਹਾ। 24 ਜੁਲਾਈ ਨੂੰ ਪਿੰਡ ਦੀਆਂ ਦੋਵੇਂ ਪੰਚਾਇਤਾਂ ਵੀ ਸਕੂਲ ਆਈਆਂ, ਜਿਨਾਂ ਨੇ ਬੱਚਿਆਂ ਕੋਲੋਂ ਜਾਣਕਾਰੀ ਹਾਸਲ ਕੀਤੀ। ਪਰ 25 ਜੁਲਾਈ ਨੂੰ ਬੱਚੇ ਦਾ ਪਿਤਾ ਰਾਜੂ ਸਿੰਘ ਤੇ ਮਾਤਾ ਬਲਵਿੰਦਰ ਕੌਰ ਸਕੂਲ ਆਏ ਤੇ ਉਸ ਦੀ ਕੁੱਟਮਾਰ ਕਰਨ ਦੇ ਨਾਲ-ਨਾਲ ਸਰਕਾਰੀ ਸਾਮਾਨ ਤੋੜਿਆ ਤੇ ਉਸ ਦੀ ਡਿਊਟੀ ’ਚ ਵੀ ਵਿਘਨ ਪਾਇਆ। ਉਸ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਸਦਰ ਤਰਨਤਾਰਨ ਵਿਖੇ ਸ਼ਿਕਾਇਤ ਦੇ ਦਿੱਤੀ ਗਈ ਹੈ। ਦੂਜੇ ਪਾਸੇ ਥਾਣਾ ਸਦਰ ਤਰਨਤਾਰਨ ਦੇ ਮੁਖੀ ਨੇ ਦੱਸਿਆ ਕਿ ਰਾਜੂ ਸਿੰਘ ਤੇ ਬਲਵਿੰਦਰ ਕੌਰ ਨੂੰ ਕੇਸ ’ਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਅਗਲੀ ਜਾਂਚ ਲਈ ਏਐੱਸਆਈ ਨਿਰਮਲ ਸਿੰਘ ਦੀ ਡਿਊਟੀ ਲਗਾਈ ਗਈ ਹੈ।

Related Articles

Leave a Reply

Your email address will not be published. Required fields are marked *

Back to top button