
ਬਠਿੰਡਾ, 16 ਦਸੰਬਰ : ਜਿਲ੍ਹੇ ’ਚ ਵੱਖ-ਵੱਖ ਥਾਵਾਂ ‘ਤੇ ਵਾਪਰੇ ਤਿੰਨ ਹਾਦਸਿਆਂ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਥਰਮਲ ਦੇ ਹੌਲਦਾਰ ਭੁਪਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਤਨਾਮ ਸਿੰਘ ਵਾਸੀ ਗਿੱਲ ਪੱਤੀ ਨੇ ਨਾਮਲੂਮ ਕਾਰ ਚਾਲਕ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ 14 ਦਸੰਬਰ ਨੂੰ ਉਹ ਤੇ ਗੁਰਤੇਜ ਸਿੰਘ ਮੋਟਰਸਾਈਕਲ ‘ਤੇ ਆਦਰਸ਼ ਨਗਰ ਬਠਿੰਡਾ ਕੋਲ ਜਾ ਰਹੇ ਸੀ ਤਾਂ ਉਕਤ ਨਾਮੂਲਮ ਕਾਰ ਚਾਲਕ ਨੇ ਕਾਰ ਲਿਆ ਕੇ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਮਾਰੀ। ਜਿਸ ਕਾਰਨ ਗੁਰਤੇਜ ਸਿੰਘ ਦੀ ਮੌਤ ਹੋ ਗਈ। ਪੁਲਿਸ ਨੇ ਮੁਦਈ ਦੇ ਬਿਆਨਾਂ ‘ਤੇ ਨਾਮੂਲਮ ਕਾਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਪਿੰਡ ਲਹਿਰਾ ਮੁਹੱਬਤ ਵਿਖੇ ਇੱਕ ਟਿੱਪਰ ਚਾਲਕ ਵੱਲੋਂ ਮੋਟਰਸਾਈਕਲ ਸਵਾਰ ਦੋ ਵਿਅਕਤੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਗਈ ਜਿਸ ਵਿਚ ਇੱਕ ਮੋਟਰਸਾਈਕਲ ਸਵਾਰ ਦੀ ਮੌਕੇ ‘ਤੇ ਹੀ ਮੌਤ ਹੋ ਗਈ । ਜਦ ਕਿ ਦੂਸਰਾ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ। ਥਾਣਾ ਨਥਾਣਾ ਦੇ ਸਹਾਇਕ ਥਾਣੇਦਾਰ ਜਸਵੀਰ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੱਖਣ ਸਿੰਘ ਵਾਸੀ ਲਹਿਰਾ ਬੇਗਾ ਨੇ ਟਿੱਪਰ ਚਾਲਕ ਸ਼ੌਰਬ ਸੁਆਮੀ ਵਾਸੀ ਸੁਆਮੀਪੁਰਾ ਰਾਜਸਥਾਨ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ 14 ਦਸੰਬਰ ਨੂੰ ਉਸ ਦਾ ਭਰਾ ਚਮਕੌਰ ਸਿੰਘ ਅਤੇ ਗੁਰਦੀਪ ਸਿੰਘ ਆਪਣੇ ਮੋਟਰਸਾਈਕਲ ਤੇ ਲਹਿਰਾ ਮੁਹੱਬਤ ਕੋਲ ਜਾ ਰਹੇ ਸਨ ਤਾਂ ਉਕਤ ਦੋਸ਼ੀ ਨੇ ਟਿੱਪਰ ਲਿਆ ਕੇ ਉਨ੍ਹਾਂ ਦੇ ਮੋਟਰਸਾਈਕਲ ਵਿੱਚ ਮਾਰਿਆ ਜਿਸ ਕਾਰਨ ਚਮਕੌਰ ਸਿੰਘ ਦੀ ਮੌਤ ਹੋ ਗਈ ਅਤੇ ਗੁਰਦੀਪ ਸਿੰਘ ਦੇ ਗੰਭੀਰ ਸੱਟਾਂ ਲੱਗੀਆਂ।ਪੁਲਿਸ ਨੇ ਮੁਦਈ ਦੇ ਬਿਆਨਾਂ ਤੇ ਟਿੱਪਰ ਚਾਲਕ ਸੌਰਬ ਸੁਆਮੀ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਰ੍ਹਾਂ ਬਠਿੰਡਾ- ਡੱਬਵਾਲੀ ਭਾਰਤ ਮਾਲਾ ਸੜਕ ਤੇ ਪੈਂਦੇ ਪਿੰਡ ਗੁਰਥੜ੍ਹੀ ਵਿਖੇ ਬਲੈਰੋ ਤੇ ਕੈਂਟ ਦੀ ਸਿੱਧੀ ਟੱਕਰ ’ਚ ਬਲੈਰੋ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਥਾਣਾ ਸੰਗਤ ਦੇ ਸਹਾਇਕ ਥਾਣੇਦਾਰ ਇਕਬਾਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸੋਨੂ ਕੁਮਾਰ ਵਾਸੀ ਦਦਹੇੜਾ ਜਿ਼ਲ੍ਹਾ ਪਟਿਆਲਾ ਨੇ ਕੈਂਟਰ ਚਾਲਕ ਜਸਵਿੰਦਰ ਸਿੰਘ ਵਾਸੀ ਠਾੜੇ ਮੋੜ ਜਿ਼ਲ੍ਹਾ ਫਰੀਦਕੋਟ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਹ 14 ਦਸੰਬਰ ਨੂੰ ਉਹ ਆਪਣੇ ਪਿੰਡ ਦੇ ਰਮੇਸ਼ ਕੁਮਾਰ ਨਾਲ ਬਲੈਰੋ ਗੱਡੀ ਤੇ ਡੱਬਵਾਲੀ ਵੱਲ ਜਾ ਰਹੇ ਸਨ, ਜਦ ਉਹ ਪਿੰਡ ਗੁਰਥੜ੍ਹੀ ਨਜ਼ਦੀਕ ਪਹੁੰਚੇ ਤਾਂ ਉਕਤ ਦੋਸ਼ੀ ਨੇ ਕੈਂਟਰ ਲਿਆ ਕੇ ਉਨ੍ਹਾਂ ਦੀ ਗੱਡੀ ਵਿੱਚ ਮਾਰਿਆ ਜਿਸ ਕਾਰਨ ਰਮੇਸ਼ ਕੁਮਾਰ ਦੀ ਮੌਤ ਹੋ ਗਈ ਅਤੇ ਉਸ ਦੇ ਕਾਫੀ ਸੱਟਾਂ ਲੱਗੀਆਂ। ਪੁਲਿਸ ਨੇ ਮੁਦਈ ਦੇ ਬਿਆਨਾਂ ਤੇ ਕੈਂਟਰ ਚਾਲਕ ਜਸਵਿੰਦਰ ਸਿੰਘ ਖ਼ਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ।



