
ਰਾਏਪੁਰ, 28 ਫਰਵਰੀ- ਛੱਤੀਸਗੜ੍ਹ ਦੇ ਬਸਤਰ ਡਿਵੀਜ਼ਨ ਵਿਚ ਵੱਖ-ਵੱਖ ਕਾਰਵਾਈਆਂ ਵਿਚ 18 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਉਨ੍ਹਾਂ ਤੋਂ ਵੱਡੀ ਮਾਤਰਾ ਵਿਚ ਵਿਸਫੋਟਕ ਬਰਾਮਦ ਕੀਤੇ ਗਏ ਹਨ। ਇਨ੍ਹਾਂ ਨਕਸਲੀਆਂ ਨੂੰ ਬੀਜਾਪੁਰ ਜ਼ਿਲ੍ਹੇ ਵਿਚ ਤਿੰਨ ਥਾਵਾਂ ਤੋਂ ਫੜਿਆ ਗਿਆ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਸੁਕਮਾ ਵਿਚ ਚਾਰ ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਕ ਅਧਿਕਾਰੀ ਨੇ ਦੱਸਿਆ ਕਿ ਪੁਲਿਸ ਦੀਆਂ ਬਟਾਲੀਅਨਾਂ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ (ਸੀ.ਆਰ.ਪੀ.ਐਫ.) ਦੀ ਵਿਸ਼ੇਸ਼ ਇਕਾਈ, ਕਮਾਂਡੋ ਬਟਾਲੀਅਨ ਫਾਰ ਰੈਜ਼ੋਲਿਊਟ ਐਕਸ਼ਨ (ਕੋਬਰਾ) ਨਕਸਲ ਵਿਰੋਧੀ ਕਾਰਵਾਈ ’ਤੇ ਨਿਕਲੀਆਂ ਸਨ। ਇਸ ਸਮੇਂ ਦੌਰਾਨ, ਬੀਜਾਪੁਰ ਦੇ ਉਸਰ ਦੇ ਗੁੰਜੇਪਰਥੀ ਪਿੰਡ ਦੇ ਜੰਗਲ ਤੋਂ 10 ਨਕਸਲੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ ਵਿਸਫੋਟਕ ਅਤੇ ਮਾਓਵਾਦੀ ਦਸਤਾਵੇਜ਼ ਬਰਾਮਦ ਕੀਤੇ ਗਏ ਹਨ।



