ਵੰਸ਼ਮ ਸਿੰਘਲ ਨੂੰ ਅੰਤਰਰਾਸ਼ਟਰੀ ਸਨਮਾਨ, ਪਰਿਵਾਰ ਨੇ ਵਧਾਇਆ ਦੇਸ਼ ਦਾ ਮਾਣ
ਤਬਲਿਸੀ ’ਚ ਯੰਗ ਚਾਰਟਰਡ ਅਕਾਉਂਟੈਂਟਸ ਅਵਾਰਡ, ਸਿੰਘਲ ਪਰਿਵਾਰ ਨੇ ਰਚਿਆ ਇਤਿਹਾਸ
ਫ਼ਿਰੋਜ਼ਪੁਰ, 3 ਜਨਵਰੀ (ਜਸਵਿੰਦਰ ਸਿੰਘ ਸੰਧੂ)– ਵੰਸ਼ਮ ਸਿੰਘਲ ਐਂਡ ਐਸੋਸੀਏਟਸ ਦੇ ਵੰਸ਼ਮ ਸਿੰਘਲ ਪੁੱਤਰ ਸੀਏ ਵਰਿੰਦਰ ਮੋਹਨ ਸਿੰਘਲ ਨੂੰ ਯੰਗ ਚਾਰਟਰਡ ਅਕਾਉਂਟੈਂਟਸ ਅੰਤਰਰਾਸ਼ਟਰੀ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਵੰਸ਼ਮ ਸਿੰਘਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪ੍ਰਤਿਸ਼ਠਤ ਅਵਾਰਡ ਉਨ੍ਹਾਂ ਨੂੰ ਤਬਲਿਸੀ (ਜਾਰਜੀਆ) ਵਿੱਚ ਹੋਏ ਵਿਸ਼ਾਲ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਹ ਸਨਮਾਨ ਉਨ੍ਹਾਂ ਦੇ ਚਾਰਟਰਡ ਅਕਾਉਂਟੈਂਸੀ ਖੇਤਰ ਵਿੱਚ ਕੀਤੇ ਉੱਤਮ ਯੋਗਦਾਨ ਅਤੇ ਨਵੀਆਂ ਉਚਾਈਆਂ ਹਾਸਲ ਕਰਨ ਲਈ ਦਿੱਤਾ ਗਿਆ ਹੈ। ਸੀਏ ਵਰਿੰਦਰ ਮੋਹਨ ਸਿੰਘਲ ਜੋ ਵੰਸ਼ਮ ਦੇ ਪਿਤਾ ਹਨ, ਸਿਰਫ਼ ਇਕ ਤਜਰਬੇਕਾਰ ਚਾਰਟਰਡ ਅਕਾਉਂਟੈਂਟ ਹੀ ਨਹੀਂ ਸਗੋਂ ਸਮਾਜਿਕ ਸੇਵਾ ਦੇ ਖੇਤਰ ਵਿੱਚ ਵੀ ਪ੍ਰੇਰਣਾਦਾਇਕ ਸ਼ਖਸੀਅਤ ਹਨ। ਉਹ ਜੈਨੇਸਿਸ ਡੈਂਟਲ ਕਾਲਜ ਦੇ ਚੇਅਰਮੈਨ ਹੋਣ ਦੇ ਨਾਲ ਸਮਾਜਿਕ ਕਾਰਜਾਂ ਵਿੱਚ ਵੀ ਸਰਗਰਮ ਹਨ। ਵੰਸ਼ਮ ਦੇ ਪਰਿਵਾਰ ਵਿੱਚ ਉਨ੍ਹਾਂ ਦੇ ਚਾਚਾ ਗਗਨਦੀਪ ਸਿੰਘਲ, ਜੋ ਇਕ ਮਸ਼ਹੂਰ ਕਾਰੋਬਾਰੀ ਅਤੇ ਸਮਾਜਸੇਵੀ ਹਨ ਨੇ ਵੀ ਹਮੇਸ਼ਾ ਪਰਿਵਾਰ ਨੂੰ ਅੱਗੇ ਵਧਣ ਦੀ ਪ੍ਰੇਰਣਾ ਦਿੱਤੀ ਹੈ। ਵੰਸ਼ਮ ਦੇ ਦਾਦਾ, ਸਵਰਗਵਾਸੀ ਰੱਤਨ ਲਾਲ ਸਿੰਘਲ, ਪਰਿਵਾਰ ਦੀ ਮਜ਼ਬੂਤ ਨੀਹ ਅਤੇ ਉੱਚ ਆਦਰਸ਼ਾਂ ਦਾ ਪ੍ਰਤੀਕ ਸਨ। ਉਨ੍ਹਾਂ ਦੇ ਮੂਲਿਆਂ ਅਤੇ ਯੋਗਦਾਨ ਨੇ ਸਿੰਘਲ ਪਰਿਵਾਰ ਨੂੰ ਸਮਾਜਕ ਅਤੇ ਪੇਸ਼ੇਵਰ ਤੌਰ ’ਤੇ ਮਹਾਨਤਾ ਪ੍ਰਾਪਤ ਕਰਨ ਦੇ ਰਸਤੇ ਦਿਖਾਏ। ਇਹ ਸਨਮਾਨ ਵੰਸ਼ਮ ਸਿੰਘਲ ਦੀ ਮਿਹਨਤ, ਉਨ੍ਹਾਂ ਦੇ ਪਿਤਾ ਸੀਏ ਵਰਿੰਦਰ ਮੋਹਨ ਸਿੰਘਲ ਦੇ ਮਾਰਗ ਦਰਸ਼ਨ, ਉਨ੍ਹਾਂ ਦੇ ਚਾਚਾ ਗਗਨਦੀਪ ਸਿੰਘਲ ਦੀ ਪ੍ਰੇਰਣਾ ਅਤੇ ਉਨ੍ਹਾਂ ਦੇ ਦਾਦਾ ਸਵਰਗਵਾਸੀ ਰਤਨ ਲਾਲ ਸਿੰਘਲ ਦੀ ਵਿਰਾਸਤ ਦਾ ਪ੍ਰਮਾਣ ਹੈ। ਇਹ ਸਿਰਫ਼ ਪਰਿਵਾਰ ਲਈ ਮਾਣ ਦਾ ਵਿਸ਼ਾ ਨਹੀਂ, ਸਗੋਂ ਫਿਰੋਜ਼ਪੁਰ ਅਤੇ ਪੂਰੇ ਦੇਸ਼ ਦਾ ਨਾਮ ਅੰਤਰਰਾਸ਼ਟਰੀ ਮੰਚ ’ਤੇ ਰੌਸ਼ਨ ਕਰਦਾ ਹੈ।



