Punjab

ਵੋਟਾਂ ਤੋਂ ਪਹਿਲਾਂ ਪਿੰਡ ਨੇਹੀਆਂਵਾਲਾ ਦੇ ਲੋਕਾਂ ਨੇ ਕੀਤਾ ਚੋਣਾਂ ਦਾ ਬਾਈਕਾਟ

ਗੋਨਿਆਣਾ, 11 ਦਸੰਬਰ : “ਵੋਟ ਬਦਲੇ ਪੀਤੀ ਸ਼ਰਾਬ ਨਾਲ ਮਾਰੇ ਲਲਕਾਰੇ, ਆਉਣ ਵਾਲੀਆਂ ਪੀੜੀਆਂ ਦੀਆਂ ਚੀਕਾਂ ਬਣ ਕੇ ਨਿਕਲਣਗੇ” ਇਹ ਸਲੋਗਨ ਲਿਖ ਕੇ ਪੋਸਟਰ ਜਾਰੀ ਕਰਦਿਆਂ ਜ਼ਿਲ੍ਹਾ ਬਠਿੰਡਾ ਦੇ ਹਲਕਾ ਭੁੱਚੋ ਦੇ ਅਧੀਨ ਆਉਂਦੇ ਪਿੰਡ ਨੇਹੀਆਂਵਾਲਾ ਦੇ ਖੇਤਰ ਚਿੜੀਆ ਸਿੰਘ ਬਸਤੀ ਦੇ ਲੋਕਾਂ ਨੇ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਦਾ ਪੂਰਨ ਤੌਰ ’ਤੇ ਬਾਈਕਾਟ ਕਰ ਦਿੱਤਾ। ਪਿੰਡ ਵਾਸੀਆਂ ਨੇ ਪੋਸਟਰ ਜਾਰੀ ਕਰਦਿਆਂ ਚਿਤਾਵਨੀ ਦਿੱਤੀ ਕਿ ਕਿਸੇ ਵੀ ਪਾਰਟੀ ਦਾ ਕੋਈ ਵੀ ਵਰਕਰ ਜਾਂ ਨੁਮਾਇੰਦਾ ਵੋਟ ਲੈਣ ਤੇ ਪ੍ਰਚਾਰ ਕਰਨ ਸਾਡੇ ਇਲਾਕੇ ਵਿਚ ਨਾ ਆਵੇ। ਇਸ ਬਾਰੇ ਜੱਸਾ ਸਿੰਘ, ਹਰਪ੍ਰੀਤ ਸਿੰਘ, ਹਰਨੇਕ ਸਿੰਘ, ਅੰਮ੍ਰਿਤਪਾਲ ਸਿੰਘ, ਮੇਲਾ ਸਿੰਘ, ਚਮਕੌਰ ਸਿੰਘ, ਗੁਰਪ੍ਰੀਤ ਸਿੰਘ, ਸੁਰਜੀਤ ਸਿੰਘ, ਨਾਜਰ ਸਿੰਘ, ਨੀਟਾ ਸਿੰਘ, ਅੰਗਰੇਜ ਸਿੰਘ ਅਤੇ ਹੋਰ ਪਿੰਡ ਵਾਸੀਆਂ ਨੇ ਬਠਿੰਡਾ ਦੇ ਡਿਪਟੀ ਕਮਿਸ਼ਨਰ, ਏਡੀਸੀ ਅਤੇ ਬੀਡੀਪੀਓ ਦੇ ਲਿਖਤੀ ਰੂਪ ਵਿਚ ਧਿਆਨ ਵਿਚ ਲਿਆਂਦਾ ਕਿ ਜਲ ਸਰੋਤ ਵਿਭਾਗ (ਬਠਿੰਡਾ ਕੈਨਾਲ ਡਵੀਜ਼ਨ) ਵੱਲੋਂ ਨਿਰਮਾਣ ਅਧੀਨ ਇਕ ਪ੍ਰੋਜੈਕਟ 42500/ਐਲ ਕੋਟਭਾਈ ਡਿਸਟਰੀਬਿਊਟਰੀ ਤਹਿਤ ਵਿਭਾਗ ਵੱਲੋਂ ਖੁੱਲ੍ਹੇ ਜਲ ਸਰੋਤ ਨੂੰ ਬੰਦ ਕੀਤਾ ਜਾ ਰਿਹਾ ਹੈ। ਖੇਤੀਬਾੜੀ ਦੇ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਲਈ ਜ਼ਮੀਨਦੋਜ਼ ਕੰਕਰੀਟ ਪਾਈਪਲਾਈਨ ਪਾਈ ਜਾ ਰਹੀ ਹੈ। ਪਿੰਡ ਨੇਹੀਆਂਵਾਲਾ ਦੀ ਚਿੜੀਆ ਬਸਤੀ ਵਾਰਡ ਨੰਬਰ-1 ਵਿਚ 600 ਦੇ ਕਰੀਬ ਵੋਟਰ ਹਨ ਤੇ 200 ਦੇ ਕਰੀਬ ਰਿਹਾਇਸ਼ੀ ਘਰ ਹਨ। ਇਲਾਕੇ ਦੇ ਵੱਡੀ ਗਿਣਤੀ ਵਿਚ ਲੋਕ ਗਰੀਬੀ ਰੇਖਾ ਤੋਂ ਹੇਠਾਂ ਹੀ ਆਉਂਦੇ ਹਨ। ਪਿਛਲੇ ਕਰੀਬ 35-40 ਸਾਲਾਂ ਤੋਂ ਇਸ ਇਲਾਕੇ ਵਿਚ ਘਰਾਂ ਵਿਚਲੇ ਪਾਣੀ ਦਾ ਨਿਕਾਸ ਇਸ ਖੁੱਲ੍ਹੇ ਖਾਲੇ ਰਾਹੀਂ ਹੀ ਹੋ ਰਿਹਾ ਸੀ। ਵੱਖਰਾ ਡਰੇਨੇਜ਼ ਜਾਂ ਸਿਵਰ ਸਿਸਟਮ ਨਹੀਂ ਬਣਾਇਆ ਗਿਆ। ਉਨ੍ਹਾਂ ਕਿਹਾ ਕਿ ਜੇਕਰ ਸਾਡੇ ਇਸ ਖਾਲੇ ਵਿਚ ਪਾਈਪ ਪਾਈ ਗਈ ਤਾਂ ਸਾਡੇ ਘਰਾਂ ਦਾ ਵਰਤਿਆ ਹੋਇਆ ਪਾਣੀ ਤੇ ਸੀਵਰੇਜ ਦਾ ਪਾਣੀ ਦੇ ਨਿਕਾਸ ਲਈ ਕੋਈ ਰਸਤਾ ਨਹੀਂ ਬਚੇਗਾ ਤੇ ਸਾਡੇ ਘਰਾਂ ਵਿਚ ਵਰਤਿਆ ਹੋਇਆ ਪਾਣੀ, ਸੜਕਾਂ ਤੇ ਛੱਪੜ ਦਾ ਰੂਪ ਧਾਰੇਗਾ ਜਾਂ ਸਾਡੇ ਘਰਾਂ ਵਿਚ ਵਾਪਿਸ ਆਵੇਗਾ। ਉਨ੍ਹਾਂ ਅਪੀਲ ਕੀਤੀ ਕਿ ਜੇਕਰ ਪਾਈਪ ਲਾਈਨ ਪਾਉਣੀ ਹੈ ਤਾਂ ਪਹਿਲਾਂ ਘਰਾਂ ਦੇ ਪਾਣੀ ਦੇ ਨਿਕਾਸ ਦਾ ਸਹੀ ਹੱਲ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਕਿਸੇ ਵੀ ਪਾਰਟੀ ਦਾ ਵਰਕਰ ਜਾਂ ਨੁਮਾਇੰਦਾ ਸਾਡੇ ਖੇਤਰ ਵਿਚ ਪ੍ਰਚਾਰ ਕਰਨ ਆਵੇਗਾ ਤਾਂ ਅਸੀਂ ਉਸ ਦਾ ਸਖ਼ਤ ਵਿਰੋਧ ਕਰਾਂਗੇ। ਇਲਾਕੇ ਵਿਚ ਨਾ ਤਾਂ ਕੋਈ ਖੇਡ ਮੈਦਾਨ ਹੈ ਤੇ ਨਾ ਹੀ ਸਾਫ ਪਾਣੀ ਦਾ ਪ੍ਰਬੰਧ ਹੈ।

Related Articles

Leave a Reply

Your email address will not be published. Required fields are marked *

Back to top button