
ਸੁਲਤਾਨਪੁਰ ਲੋਧੀ, 8 ਮਾਰਚ- ਪੁਲਿਸ ਨੇ ਅੱਜ ਪਵਿੱਤਰ ਕਾਲੀ ਵੇਈਂ ਵਿੱਚੋਂ ਸ਼ੱਕੀ ਹਾਲਾਤਾਂ ਵਿੱਚ ਇੱਕ ਲੜਕੇ ਅਤੇ ਇੱਕ ਲੜਕੀ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਹਨ । ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਹਿਚਾਣ ਰਾਮ ਬਾਲਕ ਪੁੱਤਰ ਅਸ਼ੋਕ ਕੁਮਾਰ ਵਾਸੀ ਪਿੰਡ ਅੱਲਾਦਾਦ ਚੱਕ ਵਜੋਂ ਹੋਈ ਹੈ ਅਤੇ ਲੜਕੀ ਦੀ ਪਹਿਚਾਣ ਨੇਹਾ ਪੁੱਤਰੀ ਹੀਰਾ ਲਾਲ ਵਾਸੀ ਪਿੰਡ ਅੱਲਾਦਾਦ ਚੱਕ ਵਜੋਂ ਹੋਈ ਹੈ । ਦੋਵਾਂ ਦੀਆਂ ਲਾਸ਼ਾਂ ਪੁਲਿਸ ਨੇ ਅੱਜ ਸਵੇਰੇ ਲਗਭਗ 8 ਵਜੇ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਕਾਲੀ ਵੇਈਂ ਨਦੀ ਦੇ ਪਿਛਲੇ ਪਾਸੇ ਤੋਂ ਬਰਾਮਦ ਕੀਤੀਆਂ । ਇਸ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਦੇ ਪਿਤਾ ਅਸ਼ੋਕ ਕੁਮਾਰ ਨੇ ਦੱਸਿਆ ਕਿ ਲੜਕੀ ਨੇਹਾ ਅਤੇ ਲੜਕਾ ਰਾਮ ਬਾਲਕ ਦੋਵੇਂ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸਨ । ਜਿਹਨਾਂ ਦੀ ਲਾਸ਼ ਪੁਲਿਸ ਨੂੰ ਸਵੇਰੇ ਕਾਲੀ ਵੇਈਂ ਤੋਂ ਮਿਲੀ। ਉਸਨੇ ਕਿਹਾ ਕਿ ਕੁੜੀ ਸਾਡੀ ਰਿਸ਼ਤੇਦਾਰ ਹੈ, ਉਹ ਉਸਦੇ ਵੱਡੇ ਭਰਾ ਦੀ ਭਾਬੀ ਸੀ। ਦੂਜੇ ਪਾਸੇ ਸੁਲਤਾਨਪੁਰ ਲੋਧੀ ਥਾਣੇ ਦੇ ਐਡੀਸ਼ਨਲ ਐਸਐਚਓ ਸਬ ਇੰਸਪੈਕਟਰ ਰਜਿੰਦਰ ਸਿੰਘ ਨੇ ਮੌਕੇ ‘ਤੇ ਪਹੁੰਚ ਕੇ ਦੱਸਿਆ ਕਿ ਲੋਕਾਂ ਦੀ ਮਦਦ ਨਾਲ ਮ੍ਰਿਤਕ ਲੜਕੀ ਅਤੇ ਲੜਕੇ ਦੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੇ ਮੁਰਦਾਘਰ ਵਿੱਚ ਰੱਖ ਦਿੱਤਾ ਗਿਆ ਹੈ । ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।



