ਵੀਡੀਓ ’ਚ ਗੁਆਂਢੀ ’ਤੇ ਦੋਸ਼ ਲਾ ਕੇ ਨੌਜਵਾਨ ਨੇ ਨਹਿਰ ’ਚ ਮਾਰੀ ਛਾਲ, ਕਈ ਘੰਟਿਆਂ ਬਾਅਦ ਵੀ ਗੋਤਾਖੋਰਾਂ ਨੂੰ ਨਹੀਂ ਮਿਲਿਆ ਸੁਰਾਗ

ਗੁਰਦਾਸਪੁਰ, 7 ਜੂਨ : ਬੱਬੇਹਾਲੀ ਪਿੰਡ ਦੇ ਇਕ 19 ਸਾਲ ਦੇ ਨੌਜਵਾਨ ਨੇ ਆਪਣੇ ਗੁਆਂਢੀ ਤੋਂ ਪਰੇਸ਼ਾਨ ਹੋ ਕੇ ਨਹਿਰ ’ਚ ਛਾਲ ਮਾਰ ਦਿੱਤੀ। ਇਹ ਘਟਨਾ ਵੀਰਵਾਰ ਦੇਰ ਰਾਤ ਕਰੀਬ 11 ਵਜੇ ਵਾਪਰੀ ਹੈ। ਨੌਜਵਾਨ ਨੇ ਨਹਿਰ ’ਚ ਛਾਲ ਮਾਰਨ ਤੋਂ ਪਹਿਲਾਂ ਆਪਣੇ ਗੁਆਂਢੀ ਖ਼ਿਲਾਫ਼ ਵੀਡੀਓ ਬਣਾ ਕੇ ਉਸ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਹੈ। ਉਸ ਨੇ ਨਹਿਰ ਦੇ ਕੋਲ਼ ਖੜ੍ਹੇ ਹੋ ਕੇ ਆਪਣੀ ਹੱਡਬੀਤੀ ਦੀ ਵੀਡੀਓ ਬਣਾਈ ਤੇ ਸੋਸ਼ਲ ਮੀਡੀਆ ’ਤੇ ਪੋਸਟ ਕੀਤੀ। ਇਸ ਦੌਰਾਨ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ੁੱਕਰਵਾਰ ਸਵੇਰੇ ਗੋਤਾਖੋਰਾਂ ਦੀ ਮਦਦ ਨਾਲ ਨੌਜਵਾਨ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਪਰ ਫਿਲਹਾਲ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੇ ਪੁਲਿਸ ਤੋਂ ਮੁਲਜ਼ਮ ਗੁਆਂਢੀ ਖ਼ਿਲਾਫ਼ ਕਾਰਵਾਈ ਕਰਨ ਤੇ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਕ ਨਹਿਰ ’ਚ ਛਾਲ ਮਾਰਨ ਵਾਲੇ ਰਣਦੀਪ ਸਿੰਘ ਪੁੱਤਰ ਕਰਨੈਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਰਣਦੀਪ ਪਿੰਡ ’ਚ ਹੀ ਕਾਰਾਂ ’ਚ ਮਿਊਜ਼ਿਕ ਸਿਸਟਮ ਲਗਾਉਣ ਦਾ ਕੰਮ ਕਰਦਾ ਸੀ। ਵੀਰਵਾਰ ਨੂੰ ਵੀ ਉਹ ਕਿਸੇ ਦੀ ਕਾਰ ’ਚ ਮਿਊਜ਼ਿਕ ਸਿਸਟਮ ਫਿੱਟ ਕਰ ਰਿਹਾ ਸੀ। ਇਸ ਦੌਰਾਨ ਉਸ ਦੇ ਗੁਆਂਢੀ ਨੇ ਸਪੀਕਰ ਦੀ ਉੱਚੀ ਆਵਾਜ਼ ਹੋਣ ਕਰਕੇ ਉਸ ਨੂੰ ਗਲਤ ਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ। ਮੁਲਜ਼ਮ ਨੇ ਉਸ ਨੂੰ ਬਹੁਤ ਜ਼ਲੀਲ ਕੀਤਾ, ਜਿਸ ਕਾਰਨ ਰਣਦੀਪ ਬਹੁਤ ਪਰੇਸ਼ਾਨ ਸੀ। ਉਹ ਵੀਰਵਾਰ ਰਾਤ ਨੂੰ ਘਰੋਂ ਨਿਕਲਿਆ ਤੇ ਨਹਿਰ ’ਚ ਛਾਲ ਮਾਰ ਦਿੱਤੀ। ਸ਼ੁੱਕਰਵਾਰ ਸਵੇਰੇ ਉਸ ਦੀ ਸਕੂਟਰੀ ਨਹਿਰ ਕਿਨਾਰੇ ਮਿਲੀ। ਗੋਤਾਖੋਰਾਂ ਦੀ ਮਦਦ ਨਾਲ ਉਸ ਨੂੰ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਹੁਣ ਤੱਕ ਉਸ ਦਾ ਕੁਝ ਪਤਾ ਨਹੀਂ ਲੱਗ ਸਕਿਆ। ਉਨ੍ਹਾਂ ਨੇ ਕਿਹਾ ਕਿ ਜੇਕਰ ਰਣਦੀਪ ਦੀ ਜਾਨ ਜਾਂਦੀ ਹੈ ਤਾਂ ਇਸ ਲਈ ਜਿੰਮੇਵਾਰ ਵਿਅਕਤੀ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।



