ਵਿਵਾਦ ’ਚ ਘਿਰੀ ਫਰੀਦਕੋਟ ਸਿਵਲ ਹਸਪਤਾਲ ਦੀ ਦਰਜਾ ਚਾਰ ਔਰਤ ਮੁਲਾਜ਼ਮ, ਮਾਪਿਆਂ ਦੀ ਸਹਿਮਤੀ ਬਿਨਾਂ 1 ਲੱਖ ’ਚ ਵੇਚੀ ਨਵਜੰਮੀ ਬੱਚੀ

ਫਰੀਦਕੋਟ, 5 ਜੂਨ : ਸਿਵਲ ਹਸਪਤਾਲ ’ਚ ਇਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਦਰਜਾ ਚਾਰ ਮਹਿਲਾ ਕਰਮਚਾਰੀ ਨੇ ਮਾਪਿਆਂ ਨੂੰ ਧੋਖੇ ’ਚ ਰੱਖਦਿਆਂ ਉਨ੍ਹਾਂ ਦੀ ਨਵਜੰਮੀ ਬੱਚੀ ਨੂੰ 1 ਲੱਖ ਰੁਪਏ ’ਚ ਕਿਸੇ ਨੂੰ ਵੇਚ ਦਿੱਤਾ। ਇਸ ਮਾਮਲੇ ’ਚ ਮੀਡੀਆ ਸਾਹਮਣੇ ਆਏ ਪੀੜਤ ਦੇ ਮਾਪਿਆਂ ਨੇ ਸਿਹਤ ਵਿਭਾਗ ਤੇ ਸੂਬਾ ਸਰਕਾਰ ਨੂੰ ਇਨਸਾਫ਼ ਦੀ ਅਪੀਲ ਕੀਤੀ ਹੈ ਤੇ ਉਨ੍ਹਾਂ ਦੀ ਧੀ ਨੂੰ ਵਾਪਸ ਲਿਆਉਣ ਦੀ ਮੰਗ ਕੀਤੀ ਹੈ। ਹਾਲਾਂਕਿ, ਸਿਹਤ ਵਿਭਾਗ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਇਸ ਮਾਮਲੇ ’ਚ ਹਾਲੇ ਤੱਕ ਕੋਈ ਲਿਖਤੀ ਸ਼ਿਕਾਇਤ ਨਹੀਂ ਮਿਲੀ ਹੈ। ਜਾਣਕਾਰੀ ਅਨੁਸਾਰ, ਫਰੀਦਕੋਟ ਦੇ ਪਿੰਡ ਚਹਿਲ ਦੇ ਰਹਿਣ ਵਾਲੇ ਗੁਰਮੇਲ ਸਿੰਘ ਦੀ ਪਤਨੀ ਅੰਮ੍ਰਿਤਪਾਲ ਕੌਰ ਨੂੰ 27 ਮਈ ਦੀ ਰਾਤ ਨੂੰ ਡਿਲੀਵਰੀ ਲਈ ਸਿਵਲ ਹਸਪਤਾਲ ਫਰੀਦਕੋਟ ’ਚ ਦਾਖਲ ਕਰਵਾਇਆ ਗਿਆ ਸੀ ਤੇ 28 ਮਈ ਦੀ ਸਵੇਰ ਨੂੰ ਉਸ ਨੇ ਇਕ ਸਿਹਤਮੰਦ ਧੀ ਨੂੰ ਜਨਮ ਦਿੱਤਾ। ਹਸਪਤਾਲ ਦੇ ਰਿਕਾਰਡ ਅਨੁਸਾਰ, ਅੰਮ੍ਰਿਤਪਾਲ ਕੌਰ ਤੇ ਉਸਦੀ ਨਵਜੰਮੀ ਧੀ ਨੂੰ 30 ਮਈ ਨੂੰ ਛੁੱਟੀ ਦੇ ਦਿੱਤੀ ਗਈ ਸੀ। ਇਸ ਮਾਮਲੇ ’ਚ ਮੀਡੀਆ ਦੇ ਸਾਹਮਣੇ ਆਏ ਗੁਰਮੇਲ ਸਿੰਘ ਤੇ ਉਸਦੀ ਪਤਨੀ ਅੰਮ੍ਰਿਤਪਾਲ ਕੌਰ ਨੇ ਦੋਸ਼ ਲਗਾਇਆ ਕਿ ਹਸਪਤਾਲ ਦੀ ਮਹਿਲਾ ਕਰਮਚਾਰੀ ਰਿਤੂ ਨੇ ਉਨ੍ਹਾਂ ਨਾਲ ਧੋਖਾ ਕੀਤਾ ਤੇ ਉਨ੍ਹਾਂ ਦੀ ਧੀ ਨੂੰ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਕਿਸੇ ਨੂੰ 1 ਲੱਖ ਰੁਪਏ ’ਚ ਵੇਚ ਦਿੱਤਾ। ਇਸ ਮਾਮਲੇ ’ਚ ਪੀੜਤ ਜੋੜੇ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਹਸਪਤਾਲ ਤੋਂ ਛੁੱਟੀ ਮਿਲਣ ਸਮੇਂ ਰਿਤੂ ਨੇ ਉਨ੍ਹਾਂ ਨੂੰ ਧੋਖਾ ਦਿੱਤਾ ਕਿ ਉਨ੍ਹਾਂ ਦੀ ਧੀ ਬਿਮਾਰ ਹੈ, ਜਿਸ ਕਾਰਨ ਉਸ ਨੂੰ ਤੁਰੰਤ ਬਠਿੰਡਾ ਦੇ ਹਸਪਤਾਲ ’ਚ ਦਾਖਲ ਕਰਵਾਇਆ ਜਾਵੇਗਾ। ਉਨ੍ਹਾਂ ਨੂੰ ਧੋਖੇ ’ਚ ਰੱਖ ਕੇ, ਉਨ੍ਹਾਂ ਦੀ ਧੀ ਨੂੰ ਕਿਸੇ ਨਾਲ ਭੇਜ ਦਿੱਤਾ ਤੇ ਜ਼ਬਰਦਸਤੀ 1 ਲੱਖ ਰੁਪਏ ਦਿੱਤੇ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਦੇ ਨਾਲ ਧੋਖਾ ਹੋਇਆ ਹੈ, ਤਾਂ ਉਸ ਨੇ ਉਕਤ ਮਹਿਲਾ ਕਰਮਚਾਰੀ ਨੂੰ 1 ਲੱਖ ਰੁਪਏ ਦੀ ਰਕਮ ਵਾਪਸ ਕਰ ਦਿੱਤੀ ਪਰ ਅਜੇ ਤੱਕ ਉਸ ਦੀ ਧੀ ਨਹੀਂ ਮੋੜੀ ਗਈ ਹੈ। ਇਸ ਮਾਮਲੇ ’ਚ ਸਿਵਲ ਹਸਪਤਾਲ ਦੇ ਐੱਸਐੱਮਓ ਡਾ. ਪਰਮਜੀਤ ਸਿੰਘ ਬਰਾੜ ਨੇ ਕਿਹਾ ਕਿ ਹਸਪਤਾਲ ਪ੍ਰਸ਼ਾਸਨ ਨੇ ਅੰਮ੍ਰਿਤਪਾਲ ਕੌਰ ਨੂੰ 30 ਮਈ ਨੂੰ ਛੁੱਟੀ ਦੇ ਦਿੱਤੀ ਸੀ। ਇਸ ਤੋਂ ਬਾਅਦ, ਉਨ੍ਹਾਂ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਨੇ ਰਸਤੇ ’ਚ ਜਾਂ ਘਰ ’ਚ ਕਿਸੇ ਨਾਲ ਕੀ ਗੱਲਬਾਤ ਕੀਤੀ ਸੀ ਅਤੇ ਨਾ ਹੀ ਉਨ੍ਹਾਂ ਨੇ ਅਜੇ ਤੱਕ ਸਿਹਤ ਵਿਭਾਗ ਨੂੰ ਕੋਈ ਲਿਖਤੀ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੋਇਆ ਹੈ ਤਾਂ ਇਹ ਬਹੁਤ ਗੰਭੀਰ ਮਾਮਲਾ ਹੈ ਅਤੇ ਸ਼ਿਕਾਇਤ ਮਿਲਣ ਤੋਂ ਬਾਅਦ ਉਹ ਸਬੰਧਤ ਮਹਿਲਾ ਕਰਮਚਾਰੀ ਵਿਰੁੱਧ ਸਖ਼ਤ ਕਾਰਵਾਈ ਦੀ ਸਿਫ਼ਾਰਸ਼ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕਰਮਚਾਰੀ ਲਗਪਗ 10-12 ਸਾਲਾਂ ਤੋਂ ਵਿਭਾਗ ’ਚ ਕੰਮ ਕਰ ਰਹੀ ਹੈ ਤੇ ਉਸ ਵਿਰੁੱਧ ਪਹਿਲਾਂ ਇਸ ਤਰਾਂ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ।



