
ਜਲੰਧਰ, 21 ਜੁਲਾਈ : ਭ੍ਰਿਸ਼ਟਾਚਾਰ ਮਾਮਲੇ ਵਿਚ ਗ੍ਰਿਫ਼ਤਾਰ ਅਤੇ ਨਾਭਾ ਜੇਲ੍ਹ ਵਿਚ ਬੰਦ ਵਿਧਾਇਕ ਰਮਨ ਅਰੋੜਾ ਦੀਆਂ ਮੁਸ਼ਕਲਾਂ ਲਗਾਤਾਰ ਵੱਧ ਰਹੀਆਂ ਹਨ। ਵਿਜੀਲੈਂਸ ਵਿਭਾਗ ਹੁਣ ਮਾਮਲੇ ਦੀ ਤਹਿ ਤੱਕ ਜਾਣ ਲਈ ਅਰੋੜਾ ਦੇ ਪੁੱਤਰ ਰਾਜਨ ਅਰੋੜਾ ਕੋਲੋਂ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਿਹਾ ਹੈ ਜਦਕਿ ਅਦਾਲਤ ਦੇ ਹੁਕਮ ਮਗਰੋਂ ਵੀ ਹਾਲੇ ਤੱਕ ਰਾਜਨ ਜਾਂਚ ਵਿਚ ਸ਼ਾਮਲ ਨਹੀਂ ਹੋਇਆ। ਵਿਭਾਗ ਵੱਲੋਂ ਉਨ੍ਹਾਂ ਨੂੰ ਜਲਦੀ ਪੇਸ਼ ਹੋਣ ਲਈ ਕਿਹਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਰਾਜਨ ਨੂੰ ਸੋਮਵਾਰ ਜਾਂ ਮੰਗਲਵਾਰ ਤੱਕ ਜਾਂਚ ਵਿਚ ਸ਼ਾਮਲ ਕੀਤਾ ਜਾ ਸਕਦਾ ਹੈ। ਉਥੇ ਵਿਧਾਇਕ ਅਰੋੜਾ ਦੇ ਕੁੜਮ ਰਾਜੂ ਮਦਾਨ ਦੀ ਗ੍ਰਿਫ਼ਤਾਰੀ ਲਈ ਵਿਜੀਲੈਂਸ ਟੀਮ ਛਾਪੇ ਮਾਰ ਰਹੀ ਹੈ, ਰਾਜੂ ਕਈ ਰਿਸ਼ਤੇਦਾਰਾਂ ਸਮੇਤ ਫ਼ਰਾਰ ਦੱਸਿਆ ਗਿਆ ਹੈ। ਵਿਜੀਲੈਂਸ ਟੀਮ ਨੇ ਵਿਧਾਇਕ ਅਰੋੜਾ ਤੇ ਏਟੀਪੀ ਸੁਖਦੇਵ ਵਸ਼ਿਸ਼ਟ ਵਿਰੁੱਧ ਚਾਲਾਨ ਅਦਾਲਤ ਵਿਚ ਪੇਸ਼ ਕਰ ਦਿੱਤਾ ਹੈ, ਜ ਇਨ੍ਹਾਂ ਦੋਵਾਂ ਲਈ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ। ਇਸ ਕੇਸ ਵਿਚ ਅਗਾਮੀ 27 ਜੁਲਾਈ ਨੂੰ ਏਟੀਪੀ ਸੁਖਦੇਵ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਣੀ ਹੈ ਜਦਕਿ ਰਮਨ ਅਰੋੜਾ ਤੇ ਉਸ ਦੇ ਸਾਥੀ ਆੜ੍ਹਤੀ ਮਹੇਸ਼ ਮਖੀਜਾ ਬਾਰੇ ਸੁਣਵਾਈ 28 ਜੁਲਾਈ ਨੂੰ ਹੋਣੀ ਹੈ। ਇਨ੍ਹਾਂ ਤਰੀਕਾਂ ਨੂੰ ਕੇਸ ਦੀ ਦਿਸ਼ਾ ਤੈਅ ਕਰਨ ਵਾਲੀਆਂ ਮੰਨਿਆ ਜਾ ਰਿਹਾ ਹੈ। ਇਸ ਨਾਲ ਮੁਲਜ਼ਮ ਪੱਖ ’ਤੇ ਦਬਾਅ ਵੱਧ ਗਿਆ ਹੈ।



