
ਜਲੰਧਰ, 4 ਅਗਸਤ : ਥਾਣਾ ਬਾਰਾਦਰੀ ਦੀ ਪੁਲਿਸ ਨੇ ਵਿਦੇਸ਼ ਜਾਣ ਲਈ ਜਾਅਲੀ ਦਸਤਾਵੇਜ਼ਾਂ ਦੀ ਵਰਤੋਂ ਕਰਨ ਵਾਲੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਮਨਦੀਪ ਸਿੰਘ ਵਾਸੀ ਮਕਸੂਦਾਂ ਵਜੋਂ ਹੋਈ ਹੈ। ਪੁਲਿਸ ਨੇ ਮੁਲਜ਼ਮ ਵਿਰੁੱਧ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਰ ਮੁਲਜ਼ਮ ਫਰਾਰ ਹੈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਨੇ ਕੈਨੇਡਾ ਜਾਣ ਲਈ ਦੋ ਦਿਨ ਪਹਿਲਾਂ ਦੂਤਾਵਾਸ ’ਚ ਇਕ ਫਾਈਲ ਦਾਇਰ ਕੀਤੀ ਸੀ ਪਰ ਉਸ ਸਮੇਂ ਮੁਲਜ਼ਮ ਨੇ ਕੁਝ ਜਾਅਲੀ ਦਸਤਾਵੇਜ਼ ਤਿਆਰ ਕਰ ਕੇ ਫਾਈਲ ਨਾਲ ਜੋੜ ਦਿੱਤੇ ਸਨ। ਇਸ ਦਾ ਪਤਾ ਲੱਗਣ ਤੋਂ ਬਾਅਦ ਦੂਤਾਵਾਸ ਨੇ ਪੁਲਿਸ ਕਮਿਸ਼ਨਰ ਦਫ਼ਤਰ ਨੂੰ ਸ਼ਿਕਾਇਤ ਭੇਜੀ, ਜਿੱਥੋਂ ਸ਼ਿਕਾਇਤ ਬਾਰਾਦਰੀ ਥਾਣੇ ਦੀ ਪੁਲਿਸ ਨੂੰ ਜਾਂਚ ਲਈ ਭੇਜ ਦਿੱਤੀ ਗਈ। ਬਾਰਾਦਰੀ ਥਾਣੇ ਦੇ ਏਐੱਸਆਈ ਵਿਨੇ ਕੁਮਾਰ ਨੇ ਮੁਲਜ਼ਮ ਮਨਦੀਪ ਸਿੰਘ ਵਾਸੀ ਮਕਸੂਦਾਂ ਖ਼ਿਲਾਫ਼ ਸਰਕਾਰੀ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ ’ਚ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ।



