
ਤਰਨਤਾਰਨ, 13 ਜੁਲਾਈ : ਤਰਨਤਾਰਨ ਜ਼ਿਲ੍ਹੇ ਦੀ ਪੁਲਿਸ ਨੇ ਵਿਦੇਸ਼ ਅਧਾਰਿਤ ਦੋ ਗੈਂਗਸਟਰਾਂ ਸਣੇ ਉਨ੍ਹਾਂ ਦੇ ਇਕ ਸਥਾਨਕ ਸਾਥੀ ਵਿਰੁੱਧ ਫਿਰੋਤੀਆਂ ਮੰਗਣ ਤੋਂ ਇਲਾਵਾ ਹੋਰ ਅਪਰਾਧਿਕ ਗਤੀਵਿਧੀਆਂ ਅੰਜਾਮ ਦੇਣ ਦੇ ਤਹਿਤ ਵੱਖ ਵੱਖ ਥਾਵਾਂ ਤਹਿਤ ਥਾਣਾ ਸਰਹਾਲੀ ਵਿਖੇ ਮੁਕੱਦਮਾਂ ਦਰਜ ਕੀਤਾ ਹੈ। ਐੱਸਐੱਸਪੀ ਦੀਪਕ ਪਾਰੀਕ ਨੇ ਦੱਸਿਆ ਕਿ ਥਾਣਾ ਸਰਹਾਲੀ ਦੀ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਦੇਵ ਸਿੰਗ ਜੈਸਲ ਵਾਸੀ ਚੰਬਲ ਅਤੇ ਗੁਰਲਾਲ ਸਿੰਘ ਵਾਸੀ ਨੌਸ਼ਹਿਰਾ ਪਨੂੰਆਂ ਜੋ ਵਿਦੇਸ਼ ਵਿਚ ਹਨ ਅਤੇ ਸੰਗਠਤ ਗਿਰੋਹ ਦੇ ਮੈਂਬਰ ਹਨ। ਇਹ ਲੋਕ ਆੜ੍ਹਤੀਆਂ ਤੇ ਹੋਰ ਕਾਰੋਬਾਰੀਆਂ ਕੋਲੋਂ ਵਿਦੇਸ਼ੀ ਨੰਬਰਾਂ ਤੋਂ ਕਾਲਾਂ ਕਰਕੇ ਫਿਰੋਤੀਆਂ ਦੀ ਮੰਗ ਕਰਦੇ ਹਨ ਅਤੇ ਡਰਾ ਧਮਕਾ ਕੇ ਪੈਸੇ ਵਸੂਲ ਵੀ ਕਰ ਲੈਂਦੇ ਹਨ। ਇਨ੍ਹਾਂ ਦੇ ਗਿਰੋਹ ਦਾ ਇਕ ਮੈਂਬਰ ਸ਼ੁਭਦੀਪ ਸਿੰਘ ਦੀਪ ਪੁੱਤਰ ਸੁਖਜੀਤ ਸਿੰਘ ਵਾਸੀ ਖੁਆਸਪੁਰ ਇਨ੍ਹਾਂ ਦੇ ਕਹਿਣ ’ਤੇ ਕੰਮ ਕਰਦਾ ਹੈ ਅਤੇ ਲੋਕਾਂ ਨੂੰ ਡਰਾ ਧਮਕਾ ਕੇ ਫਿਰੋਤੀਆਂ ਦੇ ਪੈਸੇ ਲਿਆ ਕੇ ਅੱਗੇ ਪਹੁੰਚਾਉਂਦਾ ਹੈ। ਐੱਸਐੱਸਪੀ ਨੇ ਦੱਸਿਆ ਕਿ ਉਕਤ ਸੂਚਨਾ ਸਬੰਧੀ ਥਾਣਾ ਸਰਹਾਲੀ ਵਿਖੇ ਇਕ ਕੇਸ ਦਰਜ ਕੀਤਾ ਗਿਆ ਹੈ। ਜਿਸ ਵਿਚ ਗੁਰਦੇਵ ਸਿੰਘ ਜੈਸਲ, ਗੁਰਲਾਲ ਸਿੰਘ ਨੌਸ਼ਹਿਰਾ ਪਨੂੰਆਂ ਅਤੇ ਸ਼ੁਭਦੀਪ ਸਿੰਘ ਨੂੰ ਨਾਮਜ਼ਦ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।



