
ਗੁਰਦਾਸਪੁਰ, 12 ਅਗਸਤ : ਗੁਰਦਾਸਪੁਰ ਦੇ ਪੁਲਿਸ ਥਾਣਾ ਸਦਰ ਅਧੀਨ ਹਰਦੋਛੰਨੀ ਰੋਡ ‘ਤੇ ਸਥਿਤ ਪਿੰਡ ਹਰਦਨ ਵਿੱਚ ਵਿਦਿਆਰਥੀਆਂ ਦੇ ਦੋ ਧੜਿਆਂ ਵਿੱਚ ਝੜਪ ਦੌਰਾਨ ਇੱਕ ਗੁੱਟ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਵਿੱਚ ਇੱਕ ਨੌਜਵਾਨ ਦੀ ਮੌਕੇ ਤੇ ਮੌਤ ਹੋ ਗਈ ਜਦਕਿ ਚਾਰ ਹੋਰ ਜ਼ਖ਼ਮੀ ਹੋ ਗਏ। ਚਾਰਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾਇਆ ਗਿਆ, ਜਿੱਥੋਂ ਦੋ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਦੋਵਾਂ ਗੁੱਟਾਂ ਵਿਚਕਾਰ ਝਗੜਾ ਹੋਇਆ ਸੀ ਪਰ ਫਿਲਹਾਲ ਪੁਲਿਸ ਇਸ ਦੀ ਪੁਸ਼ਟੀ ਨਹੀਂ ਕਰ ਰਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪਹਿਲਾਂ ਕੁਝ ਨੌਜਵਾਨਾਂ ਨੂੰ ਤੇਜ਼ਧਾਰ ਹਥਿਆਰਾਂ ਨਾਲ ਲੜਦੇ ਦੇਖਿਆ ਗਿਆ ਜਿਸ ਦੌਰਾਨ ਇੱਕ ਧੜੇ ਨੇ ਫਾਇਰਿੰਗ ਕਰ ਦਿੱਤੀ।ਹਸਪਤਾਲ ਵਿੱਚ ਇਲਾਜ ਅਧੀਨ ਨੌਜਵਾਨਾਂ ਦਾ ਕਹਿਣਾ ਹੈ ਕਿ ਉਹ ਬਰਗਰ ਖਾ ਰਹੇ ਸਨ। ਇਸ ਦੌਰਾਨ ਕਾਰ ਵਿੱਚ ਆਏ ਕੁਝ ਨੌਜਵਾਨਾਂ ਨੇ ਉਨ੍ਹਾਂ ‘ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੇ ਆਪਣੇ ਮੂੰਹ ਢੱਕੇ ਹੋਏ ਸਨ। ਵਾਰਦਾਤ ਕਰਨ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਭੱਜ ਗਏ।ਫਾਇਰਿੰਗ ਦੀ ਘਟਨਾ ਵਿੱਚ ਗੁਰਜੀਤ ਸਿੰਘ ਵਾਸੀ ਕੋਟ ਦੀਨਾਨਾਥ ਦੀ ਮੌਤ ਹੋ ਗਈ ਜਦੋਂ ਕਿ ਸਾਹਿਲ ਮਸੀਹ ਵਾਸੀ ਪਿੰਡ ਪਾਕੀਵਾਂ, ਹਰਨੂਰ ਵਾਸੀ ਬੁੱਚੇਨੰਗਲ, ਗੁਰਵਿੰਦਰ ਸਿੰਘ ਵਾਸੀ ਫੈਜ਼ਲਾਬਾਦ ਅਤੇ ਗੁਰਪਾਲ ਸਿੰਘ ਵਾਸੀ ਜਾਗੋਵਾਲ ਬੇਦੀਆਂ ਜ਼ਖ਼ਮੀ ਹੋ ਗਏ। ਜ਼ਖ਼ਮੀਆਂ ਦਾ ਕਹਿਣਾ ਹੈ ਕਿ ਉਹ ਘਰੋਂ ਕਿਸੇ ਨਾਲ ਲੜਨ ਲਈ ਨਹੀਂ ਆਏ ਸਨ। ਉਹ ਗੋਲ਼ੀਆਂ ਚਲਾਉਣ ਵਾਲਿਆਂ ਨੂੰ ਨਹੀਂ ਜਾਣਦੇ ਅਤੇ ਨਾ ਹੀ ਉਨ੍ਹਾਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਹੈ। ਮੌਕੇ ‘ਤੇ ਪਹੁੰਚੇ ਐੱਸਪੀ (ਡੀ) ਰਜਿੰਦਰ ਕੁਮਾਰ ਨੇ ਕਿਹਾ ਕਿ ਫਾਇਰਿੰਗ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਸੀ। ਨੌਜਵਾਨਾਂ ਦੇ ਦੋ ਗੁੱਟ ਕਿਸੇ ਗੱਲ ਨੂੰ ਲੈ ਕੇ ਆਪਸ ਵਿੱਚ ਭਿੜ ਗਏ ਜਿਸ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕਿ ਚਾਰ ਜ਼ਖ਼ਮੀ ਹੋ ਗਏ। ਉਨ੍ਹਾਂ ਕਿਹਾ ਕਿ ਜ਼ਖ਼ਮੀ ਨੌਜਵਾਨ ਦੇ ਮੋਟਰਸਾਈਕਲ ਤੋਂ ਇੱਕ ਦਾਤਰ ਵੀ ਬਰਾਮਦ ਹੋਇਆ ਹੈ। ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਦੂਜੇ ਪਾਸੇ ਸਿਵਲ ਹਸਪਤਾਲ ਵਿੱਚ ਤਾਇਨਾਤ ਡਾਕਟਰ ਨਿਕਿਤਾ ਨੇ ਦੱਸਿਆ ਕਿ ਚਾਰ ਨੌਜਵਾਨਾਂ ਨੂੰ ਜ਼ਖ਼ਮੀ ਹਾਲਤ ਵਿੱਚ ਲਿਆਂਦਾ ਗਿਆ ਸੀ। ਇਨ੍ਹਾਂ ਵਿੱਚੋਂ ਸਾਹਿਲ ਮਸੀਹ ਦੇ ਪੇਟ ਵਿੱਚ ਗੋਲ਼ੀ ਲੱਗੀ ਸੀ ਜਦੋਂ ਕਿ ਹਰਨੂਰ ਦੀ ਬਾਂਹ ਵਿੱਚ ਗੋਲ਼ੀ ਲੱਗੀ ਸੀ। ਉਨ੍ਹਾਂ ਦੀ ਨਾਜ਼ੁਕ ਹਾਲਤ ਕਾਰਨ ਦੋਵਾਂ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਗੁਰਵਿੰਦਰ ਸਿੰਘ ਅਤੇ ਗੁਰਪਾਲ ਸਿੰਘ ਦਾ ਇਲਾਜ ਕੀਤਾ ਜਾ ਰਿਹਾ ਹੈ। ਦੋਵਾਂ ਦੀ ਹਾਲਤ ਸਥਿਰ ਹੈ।



