Punjab

ਵਿਜੀਲੈਂਸ ਟੀਮ ਨੇ ਨਗਰ ਨਿਗਮ ਦੀ ਇੰਸਪੈਕਟਰ ਨੂੰ ਲਿਆ ਹਿਰਾਸਤ ’ਚ

ਜਲੰਧਰ, 30 ਮਈ- ਵਿਜੀਲੈਂਸ ਵੱਲੋਂ ਏਟੀਪੀ ਸੁਖਦੇਵ ਵਸ਼ਿਸ਼ਟ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਵਿਜੀਲੈਂਸ ਨੇ ਨਗਰ ਨਿਗਮ ’ਚ ਇਕ ਹੋਰ ਕਾਰਵਾਈ ਕਰਦੇ ਹੋਏ ਨਿਗਮ ਵਿਚ ਤਾਇਨਾਤ ਇੰਸਪੈਕਟਰ ਨੂੰ ਹਿਰਾਸਤ ’ਚ ਲੈ ਲਿਆ ਹੈ। ਵਿਧਾਇਕ ਰਮਨ ਅਰੋੜਾ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਲੰਧਰ ਕੇਂਦਰੀ ਹਲਕੇ ਵਿਚ ਕਈ ਗੈਰ-ਕਾਨੂੰਨੀ ਉਸਾਰੀ ਕਰਨ ਵਾਲੇ ਲੋਕਾਂ ਤੋਂ ਜਾਅਲੀ ਨੋਟਿਸਾਂ ਦੇ ਅਧਾਰ ‘ਤੇ ਲੱਖਾਂ ਰੁਪਏ ਲੁੱਟੇ ਗਏ। ਜਲੰਧਰ ਪੱਛਮੀ ਵਿਚ ਵੀ ਹਾਲਾਤ ਅਜਿਹੇ ਹੀ ਹਨ, ਇਸ ਸਬੰਧੀ ਹੁਣ ਵਿਜੀਲੈਂਸ ਨੇ ਨਗਰ ਨਿਗਮ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਹਿਰਾਸਤ ’ਚ ਲੈ ਲਿਆ ਹੈ। ਪਤਾ ਲੱਗਾ ਹੈ ਕਿ ਹਰਪ੍ਰੀਤ ਕੌਰ ਦਾ ਨਾਂ ਉਸ ਵੇਲੇ ਸਾਹਮਣੇ ਆਇਆ ਹੈ ਜਦੋਂ ਇਕ ਬੇਕਰੀ ਮਾਲਕ ਵੱਲੋਂ ਇਕ ਬਿਆਨ ਦਰਜ ਕਰਵਾਇਆ ਗਿਆ ਹੈ ਜਿਸ ’ਚ ਕਿਹਾ ਗਿਆ ਹੈ ਕਿ ਉਸ ਨੇ ਬੇਕਰੀ ਦੀ ਉਸਾਰੀ ਦੇ ਬਦਲੇ ਇੰਸਪੈਕਟਰ ਨੂੰ ਲੱਖਾਂ ਰੁਪਏ ਦਿੱਤੇ ਸਨ। ਇਸ ਦੇ ਨਾਲ ਹੀ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਹਿਰਾਸਤ ’ਚ ਲੈਣ ਤੋਂ ਬਾਅਦ ਮਾਡਲ ਟਾਊਨ ਇਲਾਕੇ ਵਿਚ ਗੈਰ-ਕਾਨੂੰਨੀ ਉਸਾਰੀਆਂ ਦੇ ਕਾਲੇ ਰਿਕਾਰਡ ਸਾਹਮਣੇ ਆਉਣਗੇ। ਇਸ ਤੋਂ ਇਲਾਵਾ ਪੁਲਿਸ ਵੱਲੋਂ ਕਈ ਹੋਰ ਇਲਾਕਿਆਂ ਵਿਚ ਵੀ ਏਟੀਪੀ ਵੱਲੋਂ ਕਰਵਾਏ ਗਏ ਕੰਮਾਂ ਦੀ ਵੀ ਜਾਂਚ ਵਿਚ ਵਿਜੀਲੈਂਸ ਦੀ ਟੀਮ ਲੱਗੀ ਹੋਈ ਹੈ ਜਿਸ ਤਰ੍ਹਾਂ ਰੋਜ਼ਾਨਾ ਇਨ੍ਹਾਂ ਲੋਕਾਂ ਵੱਲੋਂ ਸਤਾਏ ਗਏ ਪੀੜਤ ਵਿਜੀਲੈਂਸ ਕੋਲ ਪਹੁੰਚ ਰਹੇ ਹਨ ਇਸ ਤੋਂ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਵਿਜੀਲੈਂਸ ਦੀ ਟੀਮ ਵੱਲੋਂ ਨਗਰ ਨਿਗਮ ਵਿਚ ਤਾਇਨਾਤ ਹੋਰ ਮੁਲਾਜ਼ਮਾਂ ’ਤੇ ਵੀ ਸ਼ਿਕੰਜਾ ਕੱਸਿਆ ਜਾਵੇਗਾ। ਹਾਲੀਆ ਕਾਰਵਾਈ ਤੋਂ ਬਾਅਦ ਨਗਰ ਨਿਗਮ ’ਚ ਅਧਿਕਾਰੀਆਂ ’ਚ ਤਰਥੱਲੀ ਮੱਚੀ ਹੋਈ ਹੈ।

Related Articles

Leave a Reply

Your email address will not be published. Required fields are marked *

Back to top button