
ਲੁਧਿਆਣਾ, 22 ਅਗਸਤ : ਸਥਾਨਕ ਹੈਬੋਵਾਲ ਕਲਾ ਗੁਰੂ ਨਾਨਕ ਦੇਵ ਨਗਰ ਵਿੱਚ ਵਿਆਹੀ ਔਰਤ ਦੀ ਸ਼ੱਕੀ ਹਾਲਾਤ ਵਿੱਚ ਮੌਤ ਹੋ ਗਈ। ਔਰਤ ਦੀ ਪਛਾਣ ਚੀਨਾ ਰਾਣੀ ਦੇ ਰੂਪ ਵਿੱਚ ਹੋਈ ਹੈ। ਮ੍ਰਿਤਕਾ ਦੇ ਪੇਕੇ ਪਰਿਵਾਰ ਨੇ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਉੱਪਰ ਸੰਗੀਨ ਦੋਸ਼ ਲਗਾਏ ਜਿਸ ਤੇ ਚੱਲਦੇ ਥਾਣਾ ਹੈਬੋਵਾਲ ਪੁਲਿਸ ਨੇ ਜਿਲਾ ਉਨਾ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਰਾਕੇਸ਼ ਕੁਮਾਰ ਦੇ ਬਿਆਨ ’ਤੇ ਚੀਨਾ ਦੇ ਪਤੀ ਸਿਮਰਜੀਤ ਸਿੰਘ ਖਿਲਾਫ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਰਾਕੇਸ਼ ਕੁਮਾਰ ਮੁਤਾਬਕ ਉਸ ਦੀ ਭੈਣ ਚੀਨਾ ਨੇ ਕਰੀਬ ਢਾਈ ਸਾਲ ਪਹਿਲਾਂ ਆਪਣੀ ਮਰਜ਼ੀ ਨਾਲ ਹੈਬੋਵਾਲ ਕਲਾ ਗੁਰੂ ਨਾਨਕ ਦੇਵ ਨਗਰ ਵਾਸੀ ਸਿਮਰਜੀਤ ਸਿੰਘ ਨਾਲ ਕੋਰਟ ਮੈਰਿਜ ਕਰਵਾਈ ਸੀ। ਵਿਆਹ ਤੋਂ ਕੁਝ ਸਮਾਂ ਬਾਅਦ ਹੀ ਉਸ ਦੀ ਭੈਣ ਨੂੰ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਮਾਨਸਿਕ ਅਤੇ ਸਰੀਰਕ ਤੌਰ ਤੇ ਤੰਗ ਪਰੇਸ਼ਾਨ ਕਰਨ ਲੱਗ ਗਏ। ਰਾਕੇਸ਼ ਕੁਮਾਰ ਮੁਤਾਬਕ ਉਸ ਦੀ ਭੈਣ ਤੋਂ ਦਾਜ ਦੀ ਮੰਗ ਕਰਦੇ ਹੋਏ ਕੁੱਟ ਮਾਰ ਕੀਤੀ ਜਾਣ ਲੱਗੀ। ਚੀਨਾ ਨੇ ਕਈ ਵਾਰ ਆਪਣੇ ਪੇਕੇ ਪਰਿਵਾਰ ਨੂੰ ਫੋਨ ਕਰਕੇ ਜਾਣਕਾਰੀ ਵੀ ਦਿੱਤੀ। ਕਈ ਵਾਰ ਪਰਿਵਾਰਕ ਰਾਜੀਨਾਮੇ ਹੋਣ ਤੋਂ ਬਾਅਦ ਲੜਾਈ ਝਗੜਾ ਕੁਝ ਸਮੇਂ ਲਈ ਬੰਦ ਹੋ ਜਾਂਦਾ ਪਰ ਪਤੀ ਅਤੇ ਸਹੁਰੇ ਪਰਿਵਾਰ ਦੇ ਮੈਂਬਰ ਉਸ ਨੂੰ ਫਿਰ ਦੁਖੀ ਕਰਨ ਲੱਗ ਜਾਂਦੇ। ਸ਼ਿਕਾਇਤਕਰਤਾ ਮੁਤਾਬਕ 17 ਅਗਸਤ ਨੂੰ ਚੀਨਾ ਦੀ ਸੱਸ ਮਨਜੀਤ ਕੌਰ ਨੇ ਉਨ੍ਹਾਂ ਨੂੰ ਫੋਨ ਕਰ ਕੇ ਦੱਸਿਆ ਕਿ ਚੀਨਾ ਨੇ ਕੋਈ ਗਲਤ ਦਵਾਈ ਖਾ ਲਈ ਹੈ, ਜਿਸ ਕਾਰਨ ਉਸ ਦੀ ਹਾਲਤ ਵਿਗੜ ਗਈ. ਜਦ ਉਹ ਲੁਧਿਆਣਾ ਪੁੱਜੇ ਤਾਂ ਚੀਨਾ ਦੀ ਸਥਾਨਕ ਗੁਰੂ ਤੇਗ ਬਹਾਦਰ ਹਸਪਤਾਲ ਵਿੱਚ ਜੇਰੇ ਇਲਾਜ ਮੌਤ ਹੋ ਚੁੱਕੀ ਸੀ। ਜਦੋਂ ਉਹਨਾਂ ਆਪਣੀ ਲੜਕੀ ਦਾ ਸਰੀਰ ਚੈੱਕ ਕੀਤਾ ਤਾਂ ਗਲੇ ਅਤੇ ਬਾਹਾਂ ਉੱਪਰ ਕੁੱਟਣ ਮਾਰਨ ਦੇ ਨਿਸ਼ਾਨ ਸਨ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਸਹਾਇਕ ਥਾਣੇਦਾਰ ਓਮ ਪ੍ਰਕਾਸ਼ ਮੁਤਾਬਕ ਮ੍ਰਿਤਕਾ ਦੇ ਭਰਾ ਰਕੇਸ਼ ਕੁਮਾਰ ਨੇ ਚੀਨਾ ਦੇ ਪਤੀ ਨੂੰ ਉਸਦੀ ਮੌਤ ਦਾ ਜ਼ਿੰਮੇਵਾਰ ਦੱਸਿਆ ਅਤੇ ਰਕੇਸ਼ ਦੇ ਬਿਆਨ ਉੱਪਰ ਇਹਨਾਂ ਦੇ ਪਤੀ ਸਿਮਰਜੀਤ ਸਿੰਘ ਖਿਲਾਫ਼ ਪਰਚਾ ਦਰਜ ਕਰ ਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ।



