
ਫ਼ਿਰੋਜ਼ਪੁਰ, 25 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ ਵਿਖੇ ਇਕ ਵਿਆਹੁਤਾ ਕੋਲੋਂ ਹੋਰ ਦਾਜ ਮੰਗਣ ਤੇ ਤੰਗ ਪ੍ਰੇਸ਼ਾਨ ਕਰਕੇ ਉਸ ਦੀ ਕੁੱਟਮਾਰ ਕਰਨ ਤੇ ਉਸ ਨੂੰ ਘਰੋਂ ਬਾਹਰ ਕੱਢਣ ਦੇ ਦੋਸ਼ ਵਿਚ ਥਾਣਾ ਵੂਮੈਨ ਫਿਰੋਜ਼ਪੁਰ ਪੁਲਿਸ ਨੇ ਵਿਆਹੁਤਾ ਦੇ ਸਹੁਰੇ ਪਰਿਵਾਰ ਦੇ ਤਿੰਨ ਮੈਂਬਰਾਂ ਖਿਲਾਫ 498-ਏ, 406 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਬਲਵੀਰ ਸਿੰਘ ਨੇ ਦੱਸਿਆ ਕਿ ਵਿਆਹੁਤਾ ਸੋਨੀਆ ਪੁੱਤਰੀ ਸੁਰਜੀਤ ਸਿੰਘ ਵਾਸੀ ਪਿੰਡ ਬਹਿਕ ਗੁੱਜਰਾਂ ਨੇ ਦੱਸਿਆ ਕਿ ਉਸ ਦਾ ਵਿਆਹ ਰਮਨ ਉਰਫ ਜਾਰਜ ਪੁੱਤਰ ਦੁੱਲਾ ਨਾਲ ਹੋਇਆ ਸੀ। ਵਿਆਹ ਸਮੇਂ ਉਸ ਦੇ ਮਾਤਾ ਪਿਤਾ ਨੇ ਆਪਣੀ ਹੈਸੀਅਤ ਤੋਂ ਵੱਧ ਦਾਜ ਦਹੇਜ ਇਸਤਰੀ ਧੰਨ ਵਜੋਂ ਦਿੱਤਾ ਸੀ, ਪਰ ਦੋਸ਼ੀਅਨ ਇਸ ਤੋਂ ਖੁਸ਼ ਨਹੀਂ ਸਨ। ਵਿਆਹੁਤਾ ਸੋਨੀਆ ਨੇ ਦੱਸਿਆ ਕਿ ਦੋਸ਼ੀਅਨ ਰਮਨ ਉਰਫ ਜਾਰਜ, ਮਨਜੀਤ ਕੌਰ ਪਤਨੀ ਦੁੱਲਾ ਅਤੇ ਸੰਦੀਪ ਕੌਰ ਪਤਨੀ ਡੇਵਿਡ ਵਾਸੀਅਨ ਵਾਰਡ ਨੰਬਰ 11 ਈਸਾ ਨਗਰੀ ਮਖੂ ਜੋ ਉਸ ਨੂੰ ਘੱਟ ਦਾਜ ਦਹੇਜ ਲਿਆਉਣ ਕਰਕੇ ਤੰਗ ਪ੍ਰੇਸ਼ਾਨ ਕਰਨ ਲੱਗੇ ਤੇ ਹੋਰ ਦਾਜ ਦੀ ਮੰਗ ਕਰਦੇ ਸਨ ਤੇ ਉਸ ਵੱਲੋਂ ਇਨਕਾਰ ਕਰਨ ਤੇ ਉਸ ਨੂੰ ਕੁੱਟਮਾਰ ਕਰਕੇ ਘਰੋਂ ਕੱਢ ਦਿੱਤਾ। ਜਾਂਚਕਰਤਾ ਬਲਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ ਉਕਤ ਦੋਸ਼ੀਅਨ ਖਿਲਾਫ ਬਾਅਦ ਪੜਤਾਲ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।



