ਵਾਤਾਵਰਨ ਪ੍ਰੇਮੀਆਂ ਨੇ ਰੂੜ੍ਹੀ ਦੇ ਢੇਰਾਂ ‘ਤੇ ਸੱਪਾਂ ਦੀਆਂ ਵਰਮੀਆਂ ਦੀ ਥਾਂ ਬਣਾਤਾ ਸੁੰਦਰ ਪਾਰਕ
ਬੂਟੇ ਲਾਉਣ ਦੇ ਨਾਲ ਹੀ ਬਣਾਇਆ ਓਪਨ ਜਿੰਮ

ਜਲੰਧਰ, 5 ਜੁਲਾਈ : ਇਰਾਦੇ ਨੇਕ ਹੋਣ ਤਾਂ ਹਰ ਮੁਸ਼ਕਲ ਕੰਮ ਵੀ ਆਸਾਨ ਹੋ ਜਾਂਦਾ ਹੈ। ਇਸ ਦੀ ਮਿਸਾਲ ਮਹਾਨਗਰ ਦੇ ਸੈਂਟਰਲ ਹਲਕੇ ’ਚ ਪੈਂਦੇ ਪਿੰਡ ਲਾਲੇਵਾਲੀ (ਹੁਣ ਪੰਜਾਬ ਐਵੇਨਿਊ ਦਾ ਹਿੱਸਾ) ’ਚ ਬਣਾਏ ਗਏ ਸੁੰਦਰ ਪਾਰਕ ਤੋਂ ਮਿਲਦੀ ਹੈ। ਇਸ ਪਾਰਕ ’ਚ ਹੁਣ ਆਸਪਾਸ ਦੇ ਲੋਕ ਸੈਰ ਕਰਨ, ਯੋਗਾ ਤੇ ਕਸਰਤ ਲਈ ਆਉਂਦੇ ਹਨ ਤੇ ਸਵੇਰੇ ਸ਼ਾਮ ਤਾਜ਼ੀ ਹਵਾ ਦਾ ਆਨੰਦ ਮਾਣਦੇ ਹਨ। ਕਦੇ ਇਸ ਥਾਂ ’ਤੇ ਰੂੜੀ ਦੇ ਵੱਡੇ ਪਹਾੜਨੁਮਾ ਢੇਰ ਲੱਗੇ ਹੋਏ ਸਨ ਤੇ ਇੱਥੋਂ ਉੱਠਣ ਵਾਲੀ ਬੁਦਬੂ ਲੋਕਾਂ ਦੇ ਘਰਾਂ ’ਚ ਵੀ ਪਹੁੰਚ ਜਾਂਦੀ ਸੀ। ਇਸ ਦੀ ਬੁਦਬੂ ਤੋਂ ਬੇਸ਼ੱਕ ਇਲਾਕੇ ਦੇ ਕਾਫ਼ੀ ਲੋਕ ਪਰੇਸ਼ਾਨ ਸਨ ਪਰ ਤਿੰਨ-ਚਾਰ ਵਾਤਾਵਰਨ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਕੁਝ ਲੋਕਾਂ ਨੇ ਇਸ ਤੋਂ ਖਹਿੜਾ ਛੁਡਾਉਣ ਤੇ ਇੱਥੇ ਪਾਰਕ ਬਣਾਉਣ ਦਾ ਕਰੀਬ 7 ਸਾਲ ਪਹਿਲਾਂ ਬੀੜਾ ਚੁੱਕਿਆ ਸੀ। 2 ਕਨਾਲ 19 ਮਰਲੇ ’ਚ ਬਣਾਏ ਗਏ ਇਸ ਪਾਰਕ ਦਾ ਨਾਂ ਪੰਜਾਬ ਰੋਡਵੇਜ਼ ’ਚ ਬਤੌਰ ਡਿਪਟੀ ਡਾਇਰੈਕਟਰ ਸੇਵਾਵਾਂ ਦੇ ਰਹੇ ਪ੍ਰਨੀਤ ਸਿੰਘ ਮਿਨਹਾਸ ਦੇ ਸਵਰਗੀ ਪੁੱਤਰ ਦੇ ਨਾਂ ’ਤੇ ਅਜੀਤ ਪਾਰਕ ਰੱਖਿਆ ਹੋਇਆ ਹੈ। ਪਾਰਕ ਬਣਾਉਣ ਤੇ ਇਸ ਦੀ ਸਾਂਭ-ਸੰਭਾਲ ਕਰਨ ਲਈ ਅਜੀਤ ਪਾਰਕ ਵੈੱਲਫੇਅਰ ਸੁਸਾਇਟੀ ਬਣਾਈ ਗਈ। ਇਸ ਪਾਰਕ ਦੇ ਹੋਂਦ ’ਚ ਆਉਣ ਬਾਰੇ ਗੱਲਬਾਤ ਕਰਦਿਆਂ ਸਮਾਜ ਸੇਵੀ ਸੰਸਥਾ ਦਿਸ਼ਾਦੀਪ ਸਿੰਘ ਸੰਸਥਾਪਕ ਸੁਰਿੰਦਰ ਮੋਹਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਐਵੇਨਿਊ ’ਚ ਆਪਣਾ ਨਵਾਂ ਘਰ ਬਣਾਇਆ ਸੀ। ਜਦੋਂ ਉਹ ਉਥੇ ਰਹਿਣ ਲੱਗੇ ਤਾਂ ਨੇੜੇ ਹੀ ਪਿੰਡ ਲਾਲੇਵਾਲੀ ਦੀ ਉਕਤ ਥਾਂ ਸੀ, ਜਿੱਥੇ ਰੂੜ੍ਹੀ ਦੇ ਵੱਡੇ ਢੇਰ ਲੱਗੇ ਹੋਏ ਸਨ ਤੇ ਉੱਥੇ ਸੱਪਾਂ ਦੀਆ ਵਰਮੀਆਂ ਵੀ ਸਨ, ਜਿੱਥੇ ਸੱਪ ਆਮ ਘੁੰਮਦੇ ਰਹਿੰਦੇ ਸਨ। ਉਹ ਆਪਣੀ ਦਿਸ਼ਾਦੀਪ ਸੰਸਥਾ ਰਾਹੀਂ ਲੰਮੇਂ ਸਮੇਂ ਤੋਂ ਵਾਤਾਵਰਨ ਦੀ ਸ਼ੁੱਧਤਾ ਲਈ ਪੌਦੇ ਲਾਉਣ ਦੀ ਮੁਹਿੰਮ ਚਲਾਉਂਦੇ ਆ ਰਹੇ ਸਨ। ਇਸ ਲਈ ਉਨ੍ਹਾਂ ਨੇ ਆਪਣੇ ਦੋਸਤ ਤੇ ਗੁਆਂਢੀ ਅਵਤਾਰ ਸਿੰਘ ਮਿਨਹਾਸ ਕੋਲੋਂ ਹੀ ਉਕਤ ਬੁਦਬੂ ਵਾਲੀ ਜਗ੍ਹਾ ਬਾਰੇ ਪੁੱਛਿਆ ਤਾਂ ਉਨ੍ਹਾਂ ਦੱਸਿਆ ਕਿ ਇਹ ਲਾਲੇਵਾਲੀ ਪਿੰਡ ਦੀ ਸ਼ਾਮਲਾਟ ਰੂੜੀਆਂ ਵਾਲੀ ਜਗ੍ਹਾ ਹੈ। ਉਕਤ ਜਗ੍ਹਾ ’ਚ ਨਗਰ ਨਿਗਮ ਵੱਲੋਂ ਵਾਟਰ ਸਪਲਾਈ ਲਈ ਟਿਊਬਵੈੱਲ ਵੀ ਲਾਇਆ ਹੋਇਆ ਸੀ ਪਰ ਉਥੇ ਉੱਗੇ ਉਚੇ ਘਾਹ-ਫੂਸ ਤੇ ਜੰਗਲੀ ਬੂਟਿਆ ਕਾਰਨ ਉਸ ਦਾ ਵੀ ਪਤਾ ਨਹੀਂ ਸੀ ਲੱਗਦਾ। ਉਨ੍ਹਾਂ ਨੇ ਆਪਣੇ ਆਸਪਾਸ ਰਹਿੰਦੇ ਕੁਝ ਹੋਰ ਸੱਜਣਾਂ ਨਾਲ ਇਸ ਜਗ੍ਹਾ ’ਤੇ ਪਾਰਕ ਵਿਕਸਤ ਕਰਨ ਲਈ ਗੱਲ ਕੀਤੀ। ਪਹਿਲਾਂ ਤਾਂ ਉਨ੍ਹਾਂ ਨੇ ਕਿਹਾ ਕਿ ਸੱਪਾਂ ਦੀਆ ਵਰਮੀਆ ਤੇ ਰੂੜੀ ਦੇ ਢੇਰਾਂ ਦੀ ਸਫਾਈ ਕਰਵਾਉਣਾ ਕਾਫੀ ਮੁਸ਼ਕਲ ਕੰਮ ਹੈ ਪਰ ਉਨ੍ਹਾਂ ਵੱਲੋਂ ਹੌਸਲਾ ਅਫਜ਼ਾਈ ਕੀਤੇ ਜਾਣ ਨਾਲ ਅਵਤਾਰ ਸਿੰਘ ਮਿਨਹਾਸ, ਚਰਨਜੀਤ ਸਿੰਘ ਮਿਨਹਾਸ ਤੇ ਹੋਰ ਸਾਥੀ ਇਸ ਮੁਸ਼ਕਲ ਕੰਮ ਲਈ ਰਾਜ਼ੀ ਹੋ ਗਏ। ਉਨ੍ਹਾਂ ਨੇ 2018 ’ਚ ਉਕਤ ਥਾਂ ਦੀ ਸਫ਼ਾਈ ਲਈ 4 ਮਜ਼ਦੂਰ ਲਾਉਣ ਤੋਂ ਇਲਾਵਾ ਖੁਦ ਵੀ ਕਹੀਆ ਤੇ ਦਾਤਰ ਲੈ ਕੇ ਮੁਹਿੰਮ ਛੇੜ ਦਿੱਤੀ। ਪਹਿਲਾਂ ਉਨ੍ਹਾਂ ਨੂੰ ਦੇਖ ਕੇ ਆਸ-ਪਾਸ ਦੇ ਲੋਕ ਕਹਿੰਦੇ ਸਨ ਕਿ ਇਹ ਸੰਭਵ ਨਹੀਂ ਹੈ ਪਰ ਜਦੋਂ ਉਨ੍ਹਾਂ ਨੂੰ ਲਗਾਤਾਰ ਕੰਮ ਕਰਦੇ ਦੇਖਿਆ ਤਾਂ ਹੋਰ ਸੱਜਣ ਵੀ ਉਨ੍ਹਾਂ ਦੇ ਕਾਫਲੇ ਦਾ ਹਿੱਸਾ ਬਣਨ ਲੱਗੇ।



