
ਜਲੰਧਰ, 26 ਜੁਲਾਈ : ਭਾਰਗੋ ਕੈਂਪ ਵਿਚ ਹੋਏ ਵਰੁਣ ਹੱਤਿਆਕਾਂਡ ਦੇ ਮਾਮਲੇ ਵਿਚ ਫ਼ਰਾਰ ਚੱਲ ਰਹੇ ਦੋ ਮੁਲਜ਼ਮਾਂ ਦੀ ਗ੍ਰਿਫਤਾਰੀ ਨਾ ਹੋਣ ਨੂੰ ਲੈ ਕੇ ਪੀੜਤ ਪਰਿਵਾਰ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਲੱਬ ’ਚ ਕਾਨਫਰੰਸ ਕਰ ਕੇ ਜਿੱਥੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ’ਤੇ ਸਵਾਲ ਚੁੱਕੇ ਨੇ, ਉਥੇ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜੇ ਦੋ ਦਿਨਾਂ ਵਿਚ ਹੱਤਿਆ ਦੇ ਮੁਲਜ਼ਮ ਗ੍ਰਿਫਤਾਰ ਨਾ ਕੀਤੇ ਤਾਂ ਸਰਕਾਰ ਤੇ ਪੁਲਿਸ ਖ਼ਿਲਾਫ਼ ਰੋਡ ਜਾਮ ਕਰ ਕੇ ਧਰਨਾ ਮੁਜ਼ਾਹਰਾ ਕੀਤਾ ਜਾਵੇਗਾ। ਪੀੜਤ ਪਰਿਵਾਰ ਨਾਲ ਪੁੱਜੇ ਬਰਾਰ ਮੰਡਲ ਜਲੰਧਰ ਦੇ ਪ੍ਰਧਾਨ ਸੁਖਜੀਤ ਸਿੰਘ ਨੇ ਕਿਹਾ ਕਿ ਕਤਲ ਤੋਂ ਬਾਅਦ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਆਪਣੀ ਪਿੱਠ ਥਾਪੜ ਲਈ ਸੀ ਪਰ ਦੋ ਮੁਲਜ਼ਮ ਸੋਨੂੰ ਪੰਡਿਤ ਤੇ ਸ਼ਿਵਾ ਪੁਲਿਸ ਦੀ ਪਹੁੰਚ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਪੁਲਿਸ ਦੀ ਕਾਰਗੁਜ਼ਾਰੀ ’ਤੇ ਸਵਾਲ ਚੁੱਕਦਿਆ ਕਿਹਾ ਕਿ ਵਰੁਣ ਦੇ ਕਤਲ ਦੇ ਮੁਲਜ਼ਮ ਸਰੇਆਮ ਘੁੰਮ ਰਹੇ ਹਨ, ਜਿਸ ਤੋਂ ਪੀੜਤ ਦੇ ਪਰਿਵਾਰ ਨੂੰ ਵੀ ਖ਼ਤਰਾ ਹੈ ਪਰ ਪੁਲਿਸ ਉਨ੍ਹਾਂ ਨੂੰ ਫੜਨ ’ਚ ਨਾਕਾਮ ਹੈ। ਉਹ ਦੋਵਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਦੇ ਉੱਚ ਅਧਿਕਾਰੀਆ ਤੇ ਕੈਬਨਿਟ ਮੰਤਰੀ ਮਹਿੰਦਰ ਭਗਤ ਨੂੰ ਮਿਲ ਚੁੱਕੇ ਹਨ। ਪੁਲਿਸ ਉਨ੍ਹਾਂ ਨੂੰ ਵਾਰ-ਵਾਰ ਭਰੋਸਾ ਦੇ ਕੇ ਵਾਪਸ ਭੇਜ ਦਿੰਦੀ ਹੈ। ਪ੍ਰਧਾਨ ਸੁਖਜੀਤ ਸਿੰਘ, ਮਨਜੀਤ ਸਿੰਘ ਤੇ ਵਿਪਨ ਕੁਮਾਰ ਨੇ ਕਿਹਾ ਕਿ ਪੁਲਿਸ ਨੇ ਖ਼ੁਲਾਸਾ ਕੀਤਾ ਸੀ ਕਿ ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਪਤਾ ਲੱਗਾ ਸੀ ਕਿ ਕਤਲ ਤੋਂ ਪਹਿਲਾਂ ਸਾਰਿਆ ਨੇ ਨਸ਼ਾ ਕੀਤਾ ਅਤੇ ਨਸ਼ਾ ਕਰਨ ਉਪਰੰਤ ਉਨ੍ਹਾਂ ਨੇ ਵਰੁਣ, ਲੋਕੇਸ਼ ਤੇ ਵਿਸ਼ਾਲ ’ਤੇ ਹਮਲਾ ਕਰ ਦਿੱਤਾ ਸੀ। ਹਮਲੇ ਦੌਰਾਨ ਵਰੁਣ ਦੀ ਛਾਤੀ ’ਚ ਚਾਕੂ ਨਾਲ ਵਾਰ ਹੋਣ ਕਰ ਕੇ ਉਸ ਦੀ ਮੌਤ ਹੋ ਗਈ ਸੀ ਅਤੇ ਲੋਕੇਸ਼ ਦੇ 100 ਟਾਂਕੇ ਤੇ ਵਿਸ਼ਾਲ ਦੇ 35 ਟਾਂਕੇ ਲੱਗੇ ਸਨ। ਉਨ੍ਹਾਂ ਕਿਹਾ ਕਿ ਜਦੋਂ ਪੁਲਿਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਨਸ਼ੇ ’ਚ ਵਰੁਣ ਦੀ ਹੱਤਿਆ ਹੋਈ ਪਰ ਨਸ਼ਾ ਕਿੱਥੋਂ ਲਿਆ ਕੇ ਪੀਤਾ ਸੀ? ਇਸ ਬਾਰੇ ਪਤਾ ਨਹੀਂ ਲਾਇਆ ਗਿਆ। ਉਨ੍ਹਾਂ ਕਿਹਾ ਕਿ ਨਸ਼ਾ ਮੁਹੱਈਆ ਕਰਵਾਉਣ ਵਾਲਿਆ ਨੂੰ ਵੀ ਪੁਲਿਸ ਕੇਸ ’ਚ ਨਾਮਜ਼ਦ ਕਰੇ। ਪਰਿਵਾਰ ਨੇ ਪੁਲਿਸ ਨੂੰ ਦੋ ਦਿਨ ਦਾ ਸਮਾਂ ਦਿੱਤਾ ਹੈ ਕਿ ਜੇ ਫਰਾਰ ਮੁਲਜ਼ਮਾਂ ਪੰਡਿਤ ਤੇ ਸ਼ਿਵਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਤਾਂ ਪੁਲਿਸ ਤੇ ਸਰਕਾਰ ਖ਼ਿਲਾਫ਼ ਰੋਡ ਜਾਮ ਕਰ ਕੇ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਇਸ ਮੌਕੇ ਪੀੜਤ ਪਰਿਵਾਰ ਨਾਲ ਕੌਂਸਲਰ ਰਾਜ ਕੁਮਾਰ ਰਾਜੂ, ਕੌਂਸਲਰ ਤਰਸੇਮ ਲਖੋਤਰਾ ਤੇ ਹੋਰ ਰਿਸ਼ਤੇਦਾਰ ਮੌਜੂਦ ਸਨ। ਓਧਰ ਏਸੀਪੀ ਵੈਸਟ ਸਵਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਹੱਤਿਆ ਦੇ ਮਾਮਲੇ ’ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਚੁੱਕੀ ਹੈ ਅਤੇ ਫਰਾਰ ਚੱਲ ਰਹੇ ਮੁਲਜ਼ਮਾਂ ਦੀ ਤਲਾਸ਼ ’ਚ ਪੁਲਿਸ ਲੱਗੀ ਹੋਈ ਹੈ। ਟੀਮ ਫਰਾਰ ਮੁਲਜ਼ਮਾਂ ਦੀ ਤਲਾਸ਼ ’ਚ ਛਾਪੇਮਾਰੀ ਵੀ ਕਰ ਰਹੀ ਹੈ। ਨੇ ਹੱਥ ਜੋੜ ਕੇ ਰੌਂਦਿਆ ਕਿਹਾ, ਪੁੱਤ ਚਲਾ ਗਿਆ, ਕਿਸ ਨੂੰ ਦੁੱਖ ਸੁਣਾਵਾਂ ਪ੍ਰੈੱਸ ਕਾਨਫਰੰਸ ਦੌਰਾਨ ਮ੍ਰਿਤਕ ਵਰੁਣ ਦੀ ਮਾਂ ਨੇ ਰੋਂਦੇ ਹੋਏ ਕਿਹਾ ਕਿ ਉਸ ਦੇ ਪੁੱਤ ਦੇ ਕਤਲ ਦੇ ਮੁਲਜ਼ਮ ਸਰੇਆਮ ਘੁੰਮ ਰਹੇ ਹਨ, ਜਦੋਂ ਉਹ ਮੁਲਜ਼ਮਾਂ ਨੂੰ ਦੇਖਦੀ ਹੈ ਤਾਂ ਉਸ ਦੇ ਜ਼ਖ਼ਮ ਤਾਜ਼ਾ ਹੋ ਜਾਂਦੇ ਹਨ। ਉਹ ਦਿਨ-ਰਾਤ ਰੋਂਦੀ ਰਹਿੰਦੀ ਹੈ। ਜੇਕਰ ਮੁਲਜ਼ਮ ਨਸ਼ੇ ’ਚ ਵਰੁਣ ਦੀ ਹੱਤਿਆ ਕਰ ਸਕਦੇ ਹਨ ਤਾਂ ਉਹ ਕਿਸੇ ਦਿਨ ਦੁਬਾਰਾ ਉਨ੍ਹਾਂ ਨੂੰ ਵੀ ਨੁਕਸਾਨ ਪਹੁੰਚਾ ਸਕਦੇ ਹਾਂ। ਉਸ ਨੇ ਹੱਥ ਜੋੜ ਕੇ ਪੁਲਿਸ ਨੂੰ ਅਪੀਲ ਕੀਤੀ ਤੇ ਫਿਰ ਸਵਾਲ ਕੀਤਾ ਕਿ ਮੇਰਾ ਪੁੱਤਰ ਤਾਂ ਚਲਾ ਗਿਆ ਪਰ ਪੁਲਿਸ ਨੂੰ ਕਿਸੇ ਦਾ ਕੋਈ ਦੁੱਖ ਨਹੀਂ। ਜੇ ਦੁੱਖ ਹੁੰਦਾ ਤਾਂ ਸਾਰੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਕੇ ਇਨਸਾਫ਼ ਜ਼ਰੂਰ ਦਿਵਾਉਂਦੀ।



