ਲੜਕੀ ਵੱਲੋਂ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ, ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਮਾਪਿਆਂ ’ਚ ਭਾਰੀ ਰੋਸ
ਅਸ਼ਲੀਲ ਵੀਡੀਓ ਵਾਈਰਲ ਕਰਨ ਦੇ ਡਰੋਂ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਪੀਣ ਦਾ ਮਾਮਲਾ

ਬਠਿੰਡਾ, 13 ਅਗਸਤ : ਜ਼ਿਲ੍ਹੇ ਦੇ ਇਕ ਪਿੰਡ ’ਚ ਲੜਕੇ ਵੱਲੋਂ ਨਾਬਾਲਿਗਾ ਨਾਲ ਸਬੰਧ ਬਣਾ ਕੇ ਉਸ ਦੀ ਅਸ਼ਲੀਲ ਵੀਡੀਓ ਵਾਈਰਲ ਕਰਨ ਦੇ ਡਰੋਂ ਲੜਕੀ ਵੱਲੋਂ ਜ਼ਹਿਰੀਲੀ ਦਵਾਈ ਪੀ ਲਈ। ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਰ ਕੇ ਮਾਪਿਆਂ ’ਚ ਰੋਸ ਪਾਇਆ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਗੁਆਂਢ ’ਚ ਰਹਿੰਦੇ ਇਕ ਲੜਕੇ ਵੱਲੋਂ ਲੜਕੀ ਨੂੰ ਗੁੰਮਰਾਹ ਕਰ ਕੇ ਉਸ ਨਾਲ ਸਬੰਧ ਬਣਾ ਕੇ ਉਸ ਦੀ ਅਸ਼ਲੀਲ ਵੀਡੀਓ ਬਣਾ ਲਈ। ਉਕਤ ਲੜਕਾ ਅਸ਼ਲੀਲ ਵੀਡੀਓ ਸਹਾਰੇ ਲੜਕੀ ਨੂੰ ਬਲੈਕਮੇਲ ਕਰਨ ਲੱਗ ਪਿਆ, ਜਿਸ ਤੋਂ ਤੰਗ ਆ ਕੇ ਲੜਕੀ ਨੇ ਜ਼ਹਿਰੀਲੀ ਦਵਾਈ ਪੀ ਲਈ। ਮਾਪਿਆਂ ਵੱਲੋਂ ਉਕਤ ਲੜਕੀ ਨੂੰ ਇਲਾਜ ਲਈ ਪਹਿਲਾ ਬਠਿੰਡਾ ਦੇ ਇਕ ਨਿੱਜੀ ਹਸਪਤਾਲ ਦਾਖ਼ਲ ਕਰਵਾਇਆ ਗਿਆ, ਫਿਰ ਉਸ ਨੂੰ ਏਮਜ਼ ਲਈ ਹਸਪਤਾਲ ਭੇਜ ਦਿੱਤਾ ਗਿਆ। ਘਟਨਾ ਤੋਂ ਦੋ ਦਿਨ ਬਾਅਦ ਥਾਣਾ ਨੰਦਗੜ੍ਹ ਦਾ ਸਹਾਇਕ ਥਾਣੇਦਾਰ ਲੜਕੀ ਦੇ ਬਿਆਨ ਲੈਣ ਜ਼ਰੂਰ ਆਇਆ ਪਰ ਉਸ ਸਮੇਂ ਲੜਕੀ ਬਿਆਨ ਦੇਣ ਲਈ ਅਣਫਿੱਟ ਸੀ, ਜਿਸ ਕਾਰਨ ਉਸ ਦੇ ਬਿਆਨ ਦਰਜ਼ ਨਹੀਂ ਹੋ ਸਕੇ। ਹੁਣ ਲੜਕੀ ਨੂੰ ਹਸਪਤਾਲ ’ਚੋਂ ਛੁੱਟੀ ਮਿਲੀ ਗਈ ਹੈ, ਪਰ ਹਾਲੇ ਤਕ ਕੋਈ ਵੀ ਪੁਲਿਸ ਅਧਿਕਾਰੀ ਲੜਕੀ ਦੇ ਬਿਆਨ ਲੈਣ ਲਈ ਨਹੀਂ ਆਇਆ। ਲੜਕੇ ’ਤੇ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਕਾਰਨ ਪੀੜਤ ਲੜਕੀ ਦੇ ਮਾਪਿਆਂ ’ਚ ਪੁਲਿਸ ਪ੍ਰਤੀ ਭਾਰੀ ਰੋਸ ਪਾਇਆ ਜਾ ਰਿਹਾ ਹੈ। ਉਨ੍ਹਾਂ ਵੱਲੋਂ ਇਸ ਮਾਮਲੇ ਸਬੰਧੀ ਐੱਸਐੱਸਪੀ ਨੂੰ ਮਿਲਣ ਜਾ ਰਹੇ ਹਨ। ਜਦ ਇਸ ਸਬੰਧੀ ਥਾਣਾ ਨੰਦਗੜ੍ਹ ਦੇ ਸਹਾਇਕ ਥਾਣੇਦਾਰ ਯੂਸਫ਼ ਮੁਹੰਮਦ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਲੜਕੀ ਨੂੰ ਸੋਮਵਾਰ ਹੀ ਹਸਪਤਾਲ ’ਚੋਂ ਛੁੱਟੀ ਮਿਲੀ ਹੈ। ਉਨ੍ਹਾਂ ਕਿਹਾ ਕਿ ਬੇਸ਼਼ੱਕ ਲੜਕੀ ਫਿਜੀਕਲ ਤੌਰ ’ਤੇ ਫਿੱਟ ਹੈ ਪਰ ਉਹ ਹਾਲੇ ਤੱਕ ਬਿਆਨ ਦੇਣ ਲਈ ਮਾਨਸਿਕ ਤੌਰ ’ਤੇ ਫਿਟ ਨਹੀਂ ਹੈ। ਉਨ੍ਹਾਂ ਦੱਸਿਆ ਕਿ ਜਿਸ ਸਮੇਂ ਦਿਮਾਗੀ ਡਾਕਟਰ ਲੜਕੀ ਨੂੰ ਫਿਟ ਦੱਸੇਗਾ ਤਦ ਹੀ ਬਿਆਨ ਦਰਜ਼ ਕੀਤੇ ਜਾਣਗੇ।



