
ਬਠਿੰਡਾ, 13 ਅਗਸਤ : ਬਠਿੰਡਾ ਤੋਂ ਚੰਡੀਗੜ੍ਹ ਜਾ ਰਹੀ ਬੱਸ ਦੇ ਚਾਲਕ ਵੱਲੋਂ ਬੱਸ ਚਲਾਉਂਦੇ ਸਮੇਂ ਮੋਬਾਈਲ ਫੋਨ ਉੱਪਰ ਰੀਲਾਂ ਵੇਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪੀਆਰਟੀਸੀ ਦੇ ਅਧਿਕਾਰੀਆਂ ਵੱਲੋਂ ਵਾਇਰਲ ਵੀਡੀਓ ਮਗਰੋਂ ਤੁਰੰਤ ਐਕਸ਼ਨ ਲੈਂਦਿਆਂ ਪਟਿਆਲਾ ਤੋਂ ਉਕਤ ਬੱਸ ਦੇ ਡਰਾਈਵਰ ਬਲਵੀਰ ਸਿੰਘ ਨੂੰ ਹੇਠਾਂ ਉਤਾਰ ਦਿੱਤਾ ਤੇ ਨਵੇਂ ਡਰਾਈਵਰ ਨੂੰ ਪਟਿਆਲਾ ਤੋਂ ਚੰਡੀਗੜ੍ਹ ਬੱਸ ਲੈ ਕੇ ਜਾਣ ਲਈ ਕਿਹਾ। ਜਾਣਕਾਰੀ ਅਨੁਸਾਰ ਮੰਗਲਵਾਰ ਸਵੇਰੇ 4:20 ਵਜੇ ਪੀਆਰਟੀਸੀ ਦੀ ਬੱਸ ਬਠਿੰਡਾ ਤੋਂ ਚੰਡੀਗੜ੍ਹ ਲਈ ਰਵਾਨਾ ਹੋਈ ਸੀ। ਇਸ ਦੌਰਾਨ ਹੀ ਬੱਸ ਚਾਲਕ ਬਲਵੀਰ ਸਿੰਘ ਨੇ ਬੱਸ ਚਲਾਉਂਦੇ ਸਮੇਂ ਆਪਣੇ ਮੋਬਾਈਲ ਫੋਨ ਉੱਪਰ ਰੀਲਾਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਬੱਸ ’ਚ ਸਵਾਰ ਕਿਸੇ ਵਿਅਕਤੀ ਨੇ ਰੀਲਾਂ ਦੇਖਦਿਆਂ ਦੀ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਉੱਪਰ ਵਾਇਰਲ ਕਰ ਦਿੱਤੀ ਗਈ, ਜਿਸ ਤੋਂ ਬਾਅਦ ਜਦੋਂ ਪੀਆਰਟੀਸੀ ਦੀ ਮੈਨੇਜਮੈਂਟ ਨੂੰ ਡਰਾਈਵਰ ਦੀ ਇਸ ਹਰਕਤ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਡਰਾਈਵਰ ਨੂੰ ਪਟਿਆਲਾ ਦੇ ਬੱਸ ਅੱਡੇ ਤੋਂ ਹੇਠਾਂ ਉਤਾਰ ਦਿੱਤਾ ਤੇ ਨਵਾਂ ਡਰਾਈਵਰ ਭੇਜ ਦਿੱਤਾ ਗਿਆ। ਹਾਲਾਂਕਿ ਜੇਕਰ ਕੋਈ ਵਿਅਕਤੀ ਵ੍ਹੀਕਲ ਚਲਾਉਣ ਸਮੇਂ ਫੋਨ ਸੁਣਦਾ ਹੈ ਤਾਂ ਉਸ ਦਾ ਚਲਾਨ ਦੇ ਨਾਲ-ਨਾਲ ਜੁਰਮਾਨਾ ਕੀਤਾ ਜਾਂਦਾ ਹੈ, ਪਰ ਪੀਆਰਟੀਸੀ ਦਾ ਡਰਾਈਵਰ ਸਵਾਰੀਆਂ ਦੀ ਜਾਨ ਖਤਰੇ ’ਚ ਪਾ ਕੇ ਮੋਬਾਈਲ ਫੋਨ ਉੱਪਰ ਰੀਲਾਂ ਵੇਖਦਾ ਰਿਹਾ। ਪੀਆਰਟੀਸੀ ਦੇ ਅਧਿਕਾਰੀ ਵਿਕਾਸ ਕੁਮਾਰ ਨੇ ਦੱਸਿਆ ਕਿ ਬਠਿੰਡਾ ਤੋਂ ਚੰਡੀਗੜ੍ਹ ਰਵਾਨਾ ਹੋਈ ਬੱਸ ਦੇ ਡਰਾਈਵਰ ਬਲਵੀਰ ਸਿੰਘ ਦੀ ਮੋਬਾਈਲ ਫੋਨ ਉੱਪਰ ਰੀਲਾਂ ਦੇਖਦਿਆਂ ਵੀਡੀਓ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਉਸ ਖ਼ਿਲਾਫ਼ ਤੁਰੰਤ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਹਨ। ਉਨ੍ਹਾਂ ਦੱਸਿਆ ਕਿ ਪਟਿਆਲਾ ਤੋਂ ਉਸ ਨੂੰ ਵਾਪਸ ਆਉਣ ਲਈ ਕਹਿ ਦਿੱਤਾ ਗਿਆ ਹੈ ਜਦਕਿ ਉਥੋਂ ਨਵਾਂ ਡਰਾਈਵਰ ਬੱਸ ਲੈ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਬੱਸ ਚਲਾਉਣ ਸਮੇਂ ਮੋਬਾਇਲ ਫੋਨ ਸੁਣਨ ਜਾਂ ਰੀਲਾਂ ਦੇਖਣ ਵਾਲੇ ਡਰਾਈਵਰਾਂ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।



