
ਲੁਧਿਆਣਾ, 2 ਅਕਤੂਬਰ : ਤਿਉਹਾਰੀ ਸੀਜਨ ਵਿੱਚ ਲੋਕਾਂ ਦੀ ਸਿਹਤ ਸੰਭਾਲ ਲਈ ਫੂਡ ਸੇਫਟੀ ਦੀ ਟੀਮ ਐਕਸ਼ਨ ’ਚ ਦਿਖਾਈ ਦੇ ਰਹੀ ਹੈ। ਫੂਡ ਸੇਫਟੀ ਦੀ ਟੀਮ ਵੱਲੋਂ ਸਿਵਲ ਸਰਜਨ ਡਾ. ਰਮਨਦੀਪ ਕੌਰ ਦੀ ਅਗਵਾਈ ਹੇਠ ਵੱਖ-ਵੱਖ ਇਲਾਕਿਆਂ ਵਿੱਚ ਚੈਕਿੰਗ ਮੁਹਿੰਮ ਚਲਾਈ ਗਈ। ਇਸ ਦੌਰਾਨ ਟੀਮ ਵੱਲੋਂ ਕੁੱਲ 14 ਖਾਣ-ਪੀਣ ਦੀਆਂ ਵਸਤੂਆਂ ਦੇ ਸੈਂਪਲ ਭਰੇ ਗਏ। ਫੂਡ ਸੇਫਟੀ ਟੀਮ ਵਿੱਚ ਐਫਐਸਓ ਡਾ. ਜਤਿੰਦਰ ਵਿਰਕ, ਐਫਐਸਓ ਯੋਗੇਸ਼ ਗੋਯਲ, ਐਫਐਸਓ ਦਿਵ੍ਯਜੋਤ ਕੌਰ ਅਤੇ ਐਫਐਸਓ. ਹਰਸਿਮਰਨ ਕੌਰ ਸ਼ਾਮਲ ਸਨ। ਚੈਕਿੰਗ ਦੌਰਾਨ ਦੁੱਧ, ਪਨੀਰ ਅਤੇ ਮਿਠਾਈਆਂ ਦੇ ਸੈਂਪਲ ਬਸਤੀ ਜੋਧੇਵਾਲ, ਟਿੱਬਾ ਰੋਡ, ਦੁਗਰੀ, ਧਾਂਦਰਾ ਰੋਡ, ਫੁੱਲਾਂਵਾਲ, ਮਾਡਲ ਟਾਊਨ ਅਤੇ ਦਰੇਸੀ ਇਲਾਕਿਆਂ ਤੋਂ ਇਕੱਠੇ ਕੀਤੇ ਗਏ। ਇਸ ਤੋਂ ਇਲਾਵਾ ਫੂਡ ਸੇਫਟੀ ਵੈਨ ਵੱਲੋਂ ਟਿੱਬਾ ਰੋਡ ’ਤੇ ਜੂਸ ਦੀਆਂ ਦੁਕਾਨਾਂ ਅਤੇ ਫਾਸਟ ਫੂਡ ਦੇ ਸਟਾਲਾਂ ਦੀ ਵੀ ਜਾਂਚ ਕੀਤੀ ਗਈ। ਟੀਮ ਵੱਲੋਂ ਦੁਕਾਨਦਾਰਾਂ ਨੂੰ ਚੰਗੇ ਗੁਣਵੱਤਾ ਵਾਲੇ ਕੱਚੇ ਮਾਲ ਦੀ ਵਰਤੋਂ ਕਰਨ ਲਈ ਜ਼ੋਰ ਦਿਤਾਂ ਗਿਆ ਡਾ. ਰਮਨਦੀਪ ਕੌਰ ਨੇ ਕਿਹਾ ਕਿ ਇਕੱਠੇ ਕੀਤੇ ਗਏ ਸੈਂਪਲਾਂ ਨੂੰ ਲੈਬੋਰਟਰੀ ਭੇਜਿਆ ਗਿਆ ਹੈ ਅਤੇ ਰਿਪੋਰਟਾਂ ਦੇ ਆਧਾਰ ’ਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਖਾਣ-ਪੀਣ ਦੀਆਂ ਚੀਜ਼ਾਂ ਖਰੀਦਦਿਆਂ ਹਮੇਸ਼ਾਂ ਫਸੈਬ ਲਾਇਸੈਂਸ ਨੰਬਰ ਦੀ ਜਾਂਚ ਕਰਨ ਅਤੇ ਸਫ਼ਾਈ ਵਾਲੀਆਂ ਦੁਕਾਨਾਂ ਤੋਂ ਹੀ ਖਰੀਦਦਾਰੀ ਕਰਨ।



