Punjab

ਲੁਧਿਆਣਾ ਸਟੇਸ਼ਨ ਤੋਂ ਬੱਚਾ ਚੋਰੀ ਕਰਨ ਵਾਲੀ ਔਰਤ ਨੂੰ ਸਾਥੀ ਸਣੇ ਕੀਤਾ ਗ੍ਰਿਫ਼ਤਾਰ

ਪੰਜਵੀਂ ਜਮਾਤ ਦੇ ਵਿਦਿਆਰਥੀ ਨੇ ਸੁਲਝਾਇਆ ਮਾਮਲਾ

ਲੁਧਿਆਣਾ, 20 ਸਤੰਬਰ : ਲੁਧਿਆਣਾ ਜੰਕਸ਼ਨ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰ. 1 ਕੋਲੋਂ ਕਰੀਬ ਡੇਢ ਸਾਲ ਦਾ ਬੱਚਾ ਚੋਰੀ ਹੋਣ ਦੀ ਵਾਰਦਾਤ ਨੂੰ ਜੀਆਰਪੀ ਪੁਲਿਸ ਨੇ ਲੱਗਭਗ ਹੱਲ ਕਰ ਲਿਆ ਹੈ। ਦੋ ਦਿਨ ਪਹਿਲਾਂ ਮਾਂ ਨਾਲ ਸੁੱਤੇ ਹੋਏ ਬੱਚੇ ਨੂੰ ਪਲੇਟਫਾਰਮ ’ਤੇ ਆਪਣੇ ਮਰਦ ਸਾਥੀ ਨਾਲ ਖੜ੍ਹੀ ਇਕ ਔਰਤ ਨੇ ਚੋਰੀ ਕੀਤਾ ਸੀ, ਜਦ ਸਵੇਰੇ ਉਕਤ ਵਾਰਦਾਤ ਦੀ ਜਾਣਕਾਰੀ ਜੀਆਰਪੀ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਮਾਮਲਾ ਨਾਜ਼ੁਕ ਹੋਣ ਦੇ ਚੱਲਦੇ ਤੁਰੰਤ ਗੰਭੀਰਤਾ ਨਾਲ ਸਰਚ ਅਭਿਆਨ ਸ਼ੁਰੂ ਕਰ ਦਿੱਤਾ। ਜੀਆਰਪੀ ਦੀਆਂ ਟੀਮਾਂ ਨੇ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮੁਲਜ਼ਮਾਂ ਦੀ ਪੈੜ ਨੱਪਣੀ ਸ਼ੁਰੂ ਕੀਤੀ ਤੇ ਅਗਲੇ ਦਿਨ ਦੇਰ ਸ਼ਾਮ ਤੱਕ ਬੱਚਾ ਚੋਰੀ ਕਰਨ ਵਾਲੇ ਮੁਲਜ਼ਮਾਂ ਦੇ ਗਿਰੇਬਾਨ ਤੱਕ ਜੀਆਰਪੀ ਪੁਲਿਸ ਦੇ ਹੱਥ ਪੁੱਜ ਗਏ ਤੇ ਪੁਲਿਸ ਮੁਲਜ਼ਮਾਂ ਨੂੰ ਕਾਬੂ ਕਰਨ ’ਚ ਕਾਮਯਾਬ ਹੋ ਗਈ। ਜੀਆਰਪੀ ਪੁਲਿਸ ਦੀ ਇਸ ਕਾਮਯਾਬੀ ’ਚ 5ਵੀਂ ਕਲਾਸ ਦੇ ਇੱਕ ਬੱਚੇ ਨੇ ਅਹਿਮ ਯੋਗਦਾਨ ਪਾਇਆ। ਸੂਤਰਾਂ ਮੁਤਾਬਕ ਇਸ ਬੱਚੇ ਨੇ ਪੁਲਿਸ ਪਾਰਟੀ ਕੋਲ ਸੀਸੀਟੀਵੀ ਫੁਟੇਜ ਤੇ ਤਸਵੀਰਾਂ ਵੇਖ ਕੇ ਮੁਲਜ਼ਮਾਂ ਦਾ ਟਿਕਾਣਾ ਲੱਭਣ ’ਚ ਅਹਿਮ ਮਦਦ ਕੀਤੀ।

ਰੇਲਵੇ ਸਟੇਸ਼ਨ ਤੋਂ 17 ਸਤੰਬਰ ਤੜਕੇ ਚੋਰੀ ਹੋਇਆ ਸੀ

ਬੱਚਾ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ ਇੱਕ ਤੋਂ 17 ਸਤੰਬਰ ਤੜਕੇ ਬੱਚਾ ਚੋਰੀ ਹੋਇਆ ਸੀ, ਜਿਸ ਦਾ ਪਤਾ ਸਵੇਰੇ ਬੱਚੇ ਦੀ ਮਾਂ ਦੇ ਉੱਠਣ ਤੋਂ ਬਾਅਦ ਲੱਗਿਆ। ਬੱਚਾ ਚੋਰੀ ਹੋਣ ਦਾ ਪਤਾ ਲੱਗਦੇ ਹੀ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਦੇਖਰੇਖ ਹੇਠ ਜੀਆਰਪੀ ਵੱਲੋਂ ਟੀਮਾਂ ਬਣਾ ਕੇ ਤਕਨੀਕੀ ਸੁਰਾਗਾਂ ਦੇ ਆਧਾਰ ’ਤੇ ਬੱਚੇ ਨੂੰ ਲੱਭਣ ਦਾ ਕੰਮ ਸ਼ੁਰੂ ਕੀਤਾ ਗਿਆ।

 ਸੀਸੀਟੀਵੀ ਫੁਟੇਜ ਰਾਹੀਂ ਲੱਗਾ ਬੱਚਾ ਚੋਰੀ ਕਰਨ ਵਾਲਿਆਂ ਸਬੰਧੀ ਅਹਿਮ ਸੁਰਾਗ

ਰੇਲਵੇ ਪਲੇਟਫਾਰਮ ਤੇ ਬਾਹਰ ਵੱਲ ਜਾਂਦੇ ਰਸਤਿਆਂ ਤੋਂ ਮਿਲੀ ਸੀਸੀਟੀਵੀ ਫੁਟੇਜ ’ਚ ਪੁਲਿਸ ਹੱਥ ਬੱਚਾ ਚੋਰੀ ਕਰਨ ਵਾਲਿਆਂ ਸਬੰਧੀ ਕੁਝ ਅਹਿਮ ਸੁਰਾਗ ਲੱਗ ਗਏ। ਇਕ ਫੁਟੇਜ ’ਚ ਪੁਲਿਸ ਨੂੰ ਕਾਲੇ ਰੰਗ ਦਾ ਸੂਟ ਪਾਈ ਔਰਤ ਤੇ ਉਸ ਦਾ ਸਾਥੀ ਸਟੇਸ਼ਨ ’ਤੇ ਆਉਦਾ ਤੇ ਕੁਝ ਦੇਰ ਬਾਅਦ ਔਰਤ ਬੱਚਾ ਚੁੱਕ ਕੇ ਪਲੇਟਫਾਰਮ ਤੋਂ ਬਾਹਰ ਮੇਨ ਸੜਕ ਵੱਲ ਜਾਂਦੀ ਵਿਖਾਈ ਦਿੱਤੀ ਤੇ ਉਸ ਦੇ ਪਿੱਛੇ ਪਿੱਛੇ ਹੀ ਇੱਕ ਵਿਅਕਤੀ ਆਪਣਾ ਬੈਗ ਲੈ ਕੇ ਜਾਂਦਾ ਵਿਖਾਈ ਦਿੱਤਾ। ਪੁਲਿਸ ਹੱਥ ਲੱਗੀ ਇਸ ਅਹਿਮ ਜਾਣਕਾਰੀ ਤੋਂ ਪੜਤਾਲ ਕਰ ਰਹੀਆਂ ਟੀਮਾਂ ਨੇ ਅੱਗੇ ਤੋਂ ਅੱਗੇ ਕੈਮਰੇ ਖੰਗਾਲਣੇ ਸ਼ੁਰੂ ਕੀਤੇ ਤਾਂ ਪਤਾ ਲੱਗਾ ਕਿ ਬੱਚਾ ਚੁੱਕ ਕੇ ਸਟੇਸ਼ਨ ਤੋਂ ਨਿਕਲਣ ਮਗਰੋਂ ਮੁਲਜ਼ਮ ਔਰਤ ਤੇ ਉਸ ਦਾ ਸਾਥੀ ਢੋਲੇਵਾਲ ਤੇ ਫਿਰ ਪ੍ਰਤਾਪ ਚੌਕ ਵੱਲ ਗਿਆ ਸੀ। ਪ੍ਰਤਾਪ ਚੌਕ ਤੋਂ ਇੱਕ ਵਾਰ ਫਿਰ ਪੁਲਿਸ ਪਾਰਟੀ ਨੇ ਵੱਖ-ਵੱਖ ਰਸਤਿਆਂ ਨੂੰ ਜਾਣ ਵਾਲੀਆਂ ਗਲੀਆਂ ਤੋਂ ਸੀਸੀਟੀਵੀ ਫੁਟੇਜ ਇਕੱਠੀਆਂ ਕਰਨ ਦੀ ਮੁਸ਼ੱਕਤ ਸ਼ੁਰੂ ਕਰ ਦਿੱਤੀ।

ਇੱਕੋ ਮੁਹੱਲੇ ’ਚ ਰਹਿੰਦੇ ਹਨ ਦੋਨੋਂ ਮੁਲਜ਼ਮ

ਮਿਲੀ ਜਾਣਕਾਰੀ ਮੁਤਾਬਕ ਪੁਲਿਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਤੇ ਬੱਚਾ ਚੁੱਕ ਕੇ ਲਿਜਾ ਰਹੀ ਕਾਲੇ ਸੂਟ ਵਾਲੀ ਔਰਤ ਇੱਕ ਮੁਹੱਲੇ ’ਚ ਹੀ ਰਹਿੰਦੇ ਹਨ। ਉਕਤ ਔਰਤ ਦਾ ਘਰ ਕਾਬੂ ਕੀਤੇ ਗਈ ਕਥਿਤ ਮੁਲਜ਼ਮ ਦੇ ਘਰ ਦੇ ਨਜ਼ਦੀਕ ਹੀ ਹੈ ਤੇ ਵਾਰਦਾਤ ਵਾਲੇ ਦਿਨ ਵੀ ਇਹ ਦੋਨੋਂ ਟਰੇਨ ਦੇ ਸਫ਼ਰ ਮਗਰੋਂ ਲੁਧਿਆਣਾ ਰੇਲਵੇ ਸਟੇਸ਼ਨ ਦੇ ਪਲੇਟਫਾਰਮ ’ਤੇ ਉੱਤਰੇ ਸਨ। ਸਟੇਸ਼ਨ ਤੋਂ ਬਾਹਰ ਜਾਣ ਤੋਂ ਬਾਅਦ ਫਿਰ ਵਾਪਸ ਆਏ ਤੇ ਬੱਚਾ ਚੋਰਾ ਕਰ ਕੇ ਲੈ ਗਏ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਜੀਆਰਪੀ ਪੁਲਿਸ ਵੱਲੋਂ ਉਕਤ ਔਰਤ ਨੂੰ ਵੀ ਹਿਰਾਸਤ ’ਚ ਲਿਆ ਗਿਆ ਹੈ। ਆਸ-ਪਾਸ ਦੇ ਲੋਕਾਂ ਮੁਤਾਬਕ ਮੁਲਜ਼ਮਾਂ ਵਿਚਕਾਰ ਕਾਫੀ ਸਮੇਂ ਤੋਂ ਦੋਸਤਾਨਾ ਸਬੰਧ ਹਨ। ਭਾਵੇਂ ਅਜੇ ਕਿਸੇ ਅਧਿਕਾਰੀ ਨੇ ਗ੍ਰਿਫਤਾਰੀ ’ਤੇ ਮੋਹਰ ਨਹੀਂ ਲਾਈ, ਪਰ ਆਸ ਹੈ ਕਿ ਜਲਦੀ ਹੀ ਪੁਲਿਸ ਪਲੇਟਫਾਰਮ ਤੋਂ ਬੱਚਾ ਚੋਰੀ ਕਰਨ ਵਾਲੀ ਔਰਤ ਤੇ ਉਸ ਦੇ ਸਾਥੀ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰਨਗੇ।

Related Articles

Leave a Reply

Your email address will not be published. Required fields are marked *

Back to top button