
ਲੁਧਿਆਣਾ, 15 ਮਈ- ਸਥਾਨਕ ਜੀਵਨ ਨਗਰ ਚੌਂਕ ਦੇ ਨਜ਼ਦੀਕ ਮੋਟਰਸਾਈਕਲ ਸਵਾਰ ਦੋ ਬਦਮਾਸ਼ਾਂ ਨੇ ਰਾਹਗੀਰ ਨੂੰ ਧਮਕਾ ਕੇ ਉਸ ਦਾ ਪਲਸਰ ਮੋਟਰ ਸਾਈਕਲ ਲੁੱਟ ਲਿਆ। ਵਾਰਦਾਤ ਅੰਜ਼ਾਮ ਦੇਣ ਤੋਂ ਬਾਅਦ ਬਦਮਾਸ਼ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਉਕਤ ਵਾਰਦਾਤ ਦੀ ਜਾਣਕਾਰੀ ਮਿਲਣ ਮਗਰੋਂ ਥਾਣਾ ਫੋਕਲ ਪੁਆਇੰਟ ਪੁਲਿਸ ਨੇ ਸਮਰ ਕਲੋਨੀ ਮੁੰਡੀਆਂ ਖੁਰਦ ‘ਤੇ ਰਹਿਣ ਵਾਲੇ ਲੱਕੀ ਠਾਕੁਰ ਦੇ ਬਿਆਨ ਉੱਪਰ ਪਰਚਾ ਦਰਜ ਕਰਕੇ ਬਦਮਾਸ਼ਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਲੱਕੀ ਠਾਕੁਰ ਮੁਤਾਬਕ ਉਸ ਨੇ ਕੁਝ ਸਮਾਂ ਪਹਿਲਾਂ ਹੀ ਨਵਾਂ ਪਲਸਰ ਮੋਟਰ ਸਾਈਕਲ ਖਰੀਦਿਆ ਸੀ ਅਤੇ ਅਜੇ ਤੱਕ ਉਸ ਨੂੰ ਇਸ ਮੋਟਰ ਸਾਈਕਲ ਦਾ ਨੰਬਰ ਅਤੇ ਆਰਸੀ ਵੀ ਨਹੀਂ ਮਿਲੀ ਹੈ। ਵਾਰਦਾਤ ਵਾਲੇ ਦਿਨ ਉਹ ਪਲਸਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਪਣੇ ਘਰ ਵੱਲ ਵਾਪਸ ਆ ਰਿਹਾ ਸੀ। ਇਸ ਦੌਰਾਨ ਜਦੋਂ ਉਹ ਜੀਵਨ ਨਗਰ ਚੌਂਕ ਦੇ ਨਜ਼ਦੀਕ ਪੁੱਜਾ ਤਾਂ ਪਿੱਛੋਂ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਆਏ ਦੋ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਮੋਟਰਸਾਈਕਲ ‘ਤੇ ਲੱਤ ਮਾਰ ਕੇ ਉਸ ਨੂੰ ਸੜਕ ‘ਤੇ ਸੁੱਟ ਦਿੱਤਾ। ਜਦੋਂ ਉਹ ਉੱਠ ਕੇ ਖੜਾ ਹੋਇਆ ਤਾਂ ਉਕਤ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਉਸ ਨੂੰ ਮਾਰ ਦੇਣ ਦਾ ਡਰ ਵਿਖਾ ਕੇ ਉਸ ਦਾ ਪਲਸਰ ਮੋਟਰਸਾਈਕਲ ਜ਼ਬਰਦਸਤੀ ਖੋਹ ਲਿਆ ਅਤੇ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਇਸ ਮਾਮਲੇ ‘ਤੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਦਰਸ਼ਨ ਸਿੰਘ ਮੁਤਾਬਕ ਵਾਰਦਾਤ ਵਾਲੀ ਥਾਂ ਅਤੇ ਮੁਲਜ਼ਮਾਂ ਦੇ ਫਰਾਰ ਹੋਣ ਵਾਲੇ ਰਸਤਿਆਂ ‘ਤੇ ਲੱਗੇ ਸੀਸੀ ਟੀਵੀ ਕੈਮਰਿਆਂ ਦੀ ਫੁਟੇਜ ਕਬਜੇ ਵੀ ਲੈ ਕੇ ਬਦਮਾਸ਼ਾਂ ਦੀ ਸ਼ਨਾਖਤ ਅਤੇ ਗ੍ਰਿਫ਼ਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।



