
ਜਸਵਿੰਦਰ ਸਿੰਘ ਸੰਧੂ
ਬਠਿੰਡਾ, 22 ਜੁਲਾਈ : ਸੂਬੇ ਨੂੰ ਭਿਖਾਰੀ ਮੁਕਤ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤਾ ਗਿਆ ਆਪ੍ਰੇਸ਼ਨ ਜੀਵਨਜੋਤ-2 ਸੋਮਵਾਰ ਨੂੰ ਜਾਰੀ ਰਿਹਾ। ਸੋਮਵਾਰ ਨੂੰ ਸੂਬੇ ਵਿਚ 24 ਬੱਚਿਆਂ ਨੂੰ ਮੁਕਤ ਕਰਵਾਇਆ ਗਿਆ। ਇਸ ਦੇ ਨਾਲ ਹੀ ਸੂਬੇ ਵਿਚ ਪੰਜ ਦਿਨਾਂ ਵਿਚ ਹੀ 86 ਬੱਚਿਆਂ ਨੂੰ ਮੁਕਤ ਕਰਵਾਇਆ ਜਾ ਚੁੱਕਾ ਹੈ। ਇਸੇ ਦੌਰਾਨ ਬਠਿੰਡਾ ਤੇ ਲੁਧਿਆਣਾ ਵਿਚ ਪਿਛਲੇ ਚਾਰ ਦਿਨਾਂ ਵਿਚ ਭਿਖਾਰੀਆਂ ਤੋਂ ਮੁਕਤ ਕਰਵਾਏ ਗਏ 36 ਬੱਚਿਆਂ ਵਿੱਚੋਂ 17 ਬਾਰੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਹੋਣ ਦਾ ਦਾਅਵਾ ਕਰਨ ਵਾਲੇ ਕੋਈ ਵੀ ਸਬੂਤ ਨਹੀਂ ਦੇ ਸਕੇ। ਇਹ ਬੱਚੇ ਕਿਹਦੇ ਹਨ? ਇਸ ਲਈ ਡੀਐੱਨਏ ਟੈਸਟ ਕਰਵਾਇਆ ਜਾ ਰਿਹਾ ਹੈ। ਸੋਮਵਾਰ ਨੂੰ ਬਠਿੰਡਾਂ ਦੇ 7 ਬੱਚਿਆਂ ਦੇ ਡੀਐੱਨਏ ਸੈਂਪਲ ਲਏ ਗਏ ਜਦਕਿ ਲੁਧਿਆਣਾ ਦੇ ਦਸ ਬੱਚਿਆਂ ਦੇ ਡੀਐੱਨਏ ਸੈਂਪਲ ਮੰਗਲਵਾਰ ਨੂੰ ਲਏ ਜਾਣਗੇ। ਦੋਵਾਂ ਜ਼ਿਲ੍ਹਿਆਂ ’ਚ 19 ਬੱਚਿਆਂ ਨੂੰ ਉਨ੍ਹਾਂ ਦੇ ਮਾਤਾ-ਪਿਤਾ ਵੱਲੋਂ ਸਬੂਤ ਦੇਣ ਤੋਂ ਬਾਅਦ ਉਨ੍ਹਾਂ ਨੂੰ ਸੌਂਪ ਦਿੱਤਾ ਗਿਆ। ਇਸ ਦੌਰਾਨ ਪਰਿਵਾਰਕ ਮੈਂਬਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਭਵਿੱਖ ’ਚ ਬੱਚਿਆਂ ਤੋਂ ਭੀਖ ਮੰਗਵਾਉਂਦੇ ਫੜੇ ਗਏ ਤਾਂ ਉਨ੍ਹਾਂ ’ਤੇ ਕੇਸ ਦਰਜ ਕੀਤਾ ਜਾਏਗਾ। ਸੋਮਵਾਰ ਨੂੰ ਆਪ੍ਰੇਸ਼ਨ ਜੀਵਨਜੋਤ 2 ਦੇ ਤਹਿਤ ਪਟਿਆਲਾ ਵਿਚ 19 ਤੇ ਹੁਸ਼ਿਆਰਪੁਰ ਵਿਚ ਪੰਜ ਬੱਚਿਆਂ ਨੂੰ ਭਿਖਾਰੀਆਂ ਤੋਂ ਮੁਕਤ ਕਰਵਾ ਕੇ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਆਪਣੀ ਸੁਰੱਖਿਆ ਵਿਚ ਲੈ ਲਿਆ ਹੈ। ਇਨ੍ਹਾਂ ਬੱਚਿਆਂ ਨੂੰ ਆਪਣਾ ਦੱਸਣ ਵਾਲਿਆਂ ਤੋਂ ਇਸ ਦੇ ਸਬੂਤ ਮੰਗੇ ਗਏ ਹਨ। ਇਸੇ ਤਰ੍ਹਾਂ ਮੁਕਤਸਰ ਦੇ ਮਲੋਟ ਵਿਚ ਭੀਖ ਮੰਗਦੇ ਸੱਤ ਬੱਚਿਆਂ ਨੂੰ ਬਚਾਇਆ ਗਿਆ। ਬਾਅਦ ਵਿਚ ਇਨ੍ਹਾਂ ਸਾਰਿਆਂ ਨੂੰ ਮਾਤਾ-ਪਿਤਾਵਾਂ ਵਲੋਂ ਸਰਟੀਫਿਕੇਟ ਦਿਖਾਉਣ ਤੋਂ ਬਾਅਦ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ। ਨਾਲ ਹੀ ਜਾਂਚ ਟੀਮ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਦੁਬਾਰਾ ਭੀਖ ਮੰਗਦੇ ਦਿਸੇ ਤਾਂ ਐੱਫਆਈਆਰ ਦਰਜ ਕਰਵਾਈ ਜਾਏਗੀ। ਇਸੇ ਤਰ੍ਹਾਂ ਭੀਖ ਨੂੰ ਲੈ ਕੇ ਸੂਬੇ ਦੇ ਹੋਰਨਾਂ ਜ਼ਿਲ੍ਹਿਆਂ ’ਚ ਵੀ ਸੋਮਵਾਰ ਨੂੰ ਮੁਹਿੰਮ ਚਲਾਈ ਗਈ।
ਜਲੰਧਰ ’ਚ ‘ਗਾਇਬ’ ਹੋਏ ਭਿਖਾਰੀ
ਸੂਬਾ ਸਰਕਾਰ ਦੀ ਇਸ ਕਾਰਵਾਈ ਦਾ ਅਸਰ ਵੀ ਦਿਖਣ ਲੱਗਾ ਹੈ। ਜਲੰਧਰ ਦੇ ਮੁੱਖ ਚੌਰਾਹੇ ਜਿੱਥੇ ਸਾਰਾ ਦਿਨ ਭੀਖ ਮੰਗਦੇ ਬੱਚੇ ਦਿਖਾਈ ਦਿੰਦੇ ਸਨ, ਉੱਥੇ ਹਾਲੇ ਕੋਈ ਭਿਖਾਰੀ ਨਜ਼ਰੀਂ ਨਹੀਂ ਪਿਆ, ਸਾਰੇ ਜ਼ਮੀਨਦੋਜ਼ ਹੋ ਗਏ ਹਨ। ਚਰਚਾ ਇਹ ਵੀ ਹੈ ਕਿ ਅਜਿਹੇ ਲੋਕਾਂ ਨੇ ਹੁਣ ਆਪਣੇ ਟਿਕਾਣੇ ਬਦਲ ਲਏ ਹਨ ਤੇ ਉਹ ਹੁਣ ਬਾਜ਼ਾਰਾਂ ਤੇ ਸਬਜ਼ੀ ਮੰਡੀਆਂ ਵਿਚ ਭੀਖ ਮੰਗਣ ਲੱਗੇ ਹਨ।



