
ਲੁਧਿਆਣਾ, 17 ਜੁਲਾਈ : ਚੰਡੀਗੜ੍ਹ ਰੋਡ ’ਤੇ ਵਾਪਰੇ ਸੜਕ ਹਾਦਸਿਆਂ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ। ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦੇ ਹੋਏ ਫੋਕਲ ਪੁਆਇੰਟ ਦੇ ਵਾਸੀ ਮਨੂ ਨੇ ਦੱਸਿਆ ਕਿ ਉਹ ਆਪਣੇ ਭਰਾ ਸੁਨੀਲ ਕੁਮਾਰ ਨਾਲ ਚਹਿਲਾਂ ਦੇ ਮੰਦਰ ਵਿਚ ਮੱਥਾ ਟੇਕ ਕਿ ਵਾਪਸ ਆ ਰਿਹਾ ਸੀ। ਦੋਵੇਂ ਭਰਾ ਜਿਵੇਂ ਹੀ ਚੰਡੀਗੜ੍ਹ ਰੋਡ ’ਤੇ ਪਹੁੰਚੇ ਤਾਂ ਤੇਜ਼ ਰਫਤਾਰ ਵਾਹਨ ਨੇ ਸੜਕ ਦੇ ਵਿਚਕਾਰ ਇੱਕਦਮ ਬ੍ਰੇਕ ਮਾਰ ਦਿੱਤੀ। ਹਾਦਸੇ ਦੇ ਦੌਰਾਨ ਮੋਟਰਸਾਈਕਲ ਵਾਹਨ ਨਾਲ ਟਕਰਾ ਗਿਆ ਤੇ ਸੁਨੀਲ ਦੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਦੂਜੇ ਮਾਮਲੇ ਵਿਚ ਥਾਣਾ ਕੂਮਕਲਾਂ ਦੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਜੀਵਨ ਨਗਰ ਦੇ ਰਹਿਣ ਵਾਲੇ ਕਾਰਖ਼ਾਨਾ ਮਜ਼ਦੂਰ ਸਿੰਟੂ ਕੁਮਾਰ ਨੇ ਦੱਸਿਆ ਕਿ ਸਾਈਕਲ ਤੇ ਸਵਾਰ ਹੋ ਕੇ ਕੰਮ ਤੇ ਜਾ ਰਿਹਾ ਸੀ। ਉਸ ਤੋਂ ਥੋੜ੍ਹੀ ਦੂਰੀ ’ਤੇ ਉਸਦਾ ਸਾਥੀ ਹਿਤੇਸ਼ ਕੁਮਾਰ ਵੀ ਆਪਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਫੈਕਟਰੀ ਵੱਲ ਨੂੰ ਜਾ ਰਿਹਾ ਸੀ। ਜਿਵੇਂ ਹੀ ਹਿਤੇਸ਼ ਕੁਹਾੜਾ ਲਾਗੇ ਪਹੁੰਚਿਆ ਤਾਂ ਗਲਤ ਪਾਸਿਓਂ ਆ ਰਹੇ ਤੇਜ਼ ਰਫਤਾਰ ਬਾਈਕ ਚਾਲਕ ਨੇ ਉਸ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਤੇ ਹਿਤੇਸ਼ ਫੱਟੜ ਹੋ ਗਿਆ। ਫੱਟੜ ਹੋਏ ਹਿਤੇਸ਼ ਦੀ ਇਲਾਜ ਦੇ ਦੌਰਾਨ ਹਸਪਤਾਲ ਵਿਚ ਮੌਤ ਹੋ ਗਈ। ਇਹਨਾਂ ਦੋਵਾਂ ਮਾਮਲਿਆਂ ਵਿੱਚ ਥਾਣਾ ਕੁਮਕਲਾਂ ਦੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕਾਂ ਦੇ ਖਿਲਾਫ ਮੁਕੱਦਮੇ ਦਰਜ ਕਰ ਲਏ ਹਨ।



