Punjab

 ਅਣਖ ਖਾਤਰ ਧੀ ਤੇ ਦੋਹਤੀ ਦਾ ਕਤਲ ਕਰਨ ਵਾਲਾ ਗ੍ਰਿਫ਼ਤਾਰ

ਭਰਾ ਦੀ ਕੀਤੀ ਜਾ ਰਹੀ ਹੈ ਭਾਲ

ਬਠਿੰਡਾ, 10 ਸਤੰਬਰ : ਬਠਿੰਡਾ ਪੁਲਿਸ ਨੇ ਅਣਖ ਖਾਤਰ ਆਪਣੀ ਧੀ ਅਤੇ ਡੇਢ ਸਾਲ ਦੀ ਦੋਹਤੀ ਦਾ ਕਤਲ ਕਰਨ ਵਾਲੇ ਵਿਅਕਤੀ ਨੂੰ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ, ਜਦਕਿ ਉਕਤ ਮਾਮਲੇ ’ਚ ਮ੍ਰਿਤਕਾ ਦੇ ਭਰਾ ਦੀ ਗ੍ਰਿਫਤਾਰੀ ਹੋਣੀ ਅਜੇ ਬਾਕੀ ਹੈ। ਪੁਲਿਸ ਨੇ ਵਾਰਦਾਤ ਵਿਚ ਵਰਤਿਆ ਗਿਆ ਮੋਟਰਸਾਈਕਲ ਅਤੇ ਕਹੀ ਵੀ ਬਰਾਮਦ ਕਰ ਲਈ ਹੈ। ਥਾਣਾ ਸਦਰ ਬਠਿੰਡਾ ਦੀ ਪੁਲਿਸ ਨੇ ਦੂਹਰੀ ਹੱਤਿਆ ਕਰਨ ਵਾਲੇ ਨੂੰ ਗ੍ਰਿਫ਼ਤਾਰ ਕੀਤਾ ਹੈ। ਸਥਾਨਕ ਪ੍ਰਬੰਧਕੀ ਕੰਪਲੈਕਸ ਵਿਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਡੀਐੱਸਪੀ ਦਿਹਾਤੀ ਹਰਜੀਤ ਸਿੰਘ ਮਾਨ ਨੇ ਦੱਸਿਆ ਹੈ ਕਿ 8 ਸਤੰਬਰ ਨੂੰ ਥਾਣਾ ਸਦਰ ਬਠਿੰਡਾ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਵਿਰਕ ਕਲਾਂ ਵਿਖੇ ਨੰਬਰਦਾਰ ਰਾਜਵੀਰ ਸਿੰਘ ਉਰਫ ਰਾਜਾ ਨੇ ਆਪਣੀ ਲੜਕੀ ਜਸ਼ਮਨਦੀਪ ਕੌਰ ਅਤੇ ਉਸਦੀ ਡੇਢ ਸਾਲ ਦੀ ਬੱਚੀ ਏਕਮਨੂਰ ਸ਼ਰਮਾ ‘ਤੇ ਜਾਨਲੇਵਾ ਹਮਲਾ ਕੀਤਾ ਹੈ। ਇਸ ਹਮਲੇ ’ਚ ਜਸ਼ਮਨਦੀਪ ਕੌਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਏਕਮਨੂਰ ਸ਼ਰਮਾ ਜ਼ਖਮੀ ਹੋ ਗਈ। ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਬਠਿੰਡਾ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸਨੂੰ ਵੀ ਮ੍ਰਿਤਕ ਐਲਾਨ ਦਿੱਤਾ। ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੇ ਸਹੁਰੇ ਉਦੇਭਾਨ ਸ਼ਰਮਾ ਦੇ ਬਿਆਨਾਂ ਦੇ ਆਧਾਰ ‘ਤੇ ਰਾਜਵੀਰ ਸਿੰਘ ਉਰਫ ਰਾਜਾ ਅਤੇ ਉਸਦੇ ਲੜਕੇ ਪਰਮਪਾਲ ਸਿੰਘ ਖਿਲਾਫ਼ ਕਤਲ ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਦਰ ਬਠਿੰਡਾ ਦੀ ਟੀਮ ਨੇ ਕਾਰਵਾਈ ਸ਼ੁਰੂ ਕੀਤੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਜਸ਼ਮਨਦੀਪ ਕੌਰ ਨੇ ਕਰੀਬ ਤਿੰਨ ਸਾਲ ਪਹਿਲਾਂ ਆਪਣੇ ਪਰਿਵਾਰ ਦੀ ਮਰਜ਼ੀ ਦੇ ਵਿਰੁੱਧ ਪਿੰਡ ਦੇ ਨੌਜਵਾਨ ਰਾਮਨੰਦਨ ਸ਼ਰਮਾ ਨਾਲ ਪ੍ਰੇਮ ਵਿਆਹ ਕਰਵਾ ਲਿਆ ਸੀ, ਜੋ ਕਿ ਵੱਖਰੀ ਜਾਤੀ ਨਾਲ ਸਬੰਧਤ ਸੀ। ਇਸ ਲਈ ਕੁੜੀ ਦਾ ਪਰਿਵਾਰ ਇਸ ਰਿਸ਼ਤੇ ਦਾ ਸਖ਼ਤ ਵਿਰੋਧ ਕਰਦਾ ਸੀ। ਪ੍ਰੇਮ ਵਿਆਹ ਤੋਂ ਬਾਅਦ ਦੋਵੇਂ ਪਤੀ ਪਤਨੀ ਪਿੰਡ ਵਿਚ ਹੀ ਰਹਿ ਰਹੇ ਸਨ। ਡੀਐੱਸਪੀ ਅਨੁਸਾਰ ਵਾਰਦਾਤ ਵਾਲੇ ਦਿਨ ਜਸ਼ਮਨਦੀਪ ਕੌਰ ਆਪਣੀ ਬੇਟੀ ਨਾਲ ਬੱਸ ਅੱਡੇ ‘ਤੇ ਬੱਸ ਦੀ ਉਡੀਕ ਕਰ ਰਹੀ ਸੀ ਤਾਂ ਇਸ ਦੌਰਾਨ ਹੀ ਉਸਦਾ ਪਿਤਾ ਰਾਜਵੀਰ ਸਿੰਘ ਅਤੇ ਭਰਾ ਪਰਮਪਾਲ ਸਿੰਘ ਮੌਕੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਦੋਵਾਂ ਨੇ ਨੇ ਕਹੀ ਨਾਲ ਕੁੜੀ ‘ਤੇ ਹਮਲਾ ਕਰ ਦਿੱਤਾ। ਪੁਲਿਸ ਨੇ ਇਸ ਮਾਮਲੇ ਦੇ ਮੁੱਖ ਮੁਲਜ਼ਮ ਰਾਜਵੀਰ ਸਿੰਘ (50) ਨੂੰ 12 ਘੰਟਿਆਂ ਦੇ ਅੰਦਰ ਗ੍ਰਿਫ਼ਤਾਰ ਕਰ ਲਿਆ ਹੈ। ਕਥਿਤ ਦੋਸ਼ੀ ਕੋਲੋਂ ਵਾਰਦਾਤ ਵਿਚ ਵਰਤਿਆ ਮੋਟਰਸਾਈਕਲ ਅਤੇ ਕਹੀ ਵੀ ਬਰਾਮਦ ਕਰ ਲਈ ਗਈ ਹੈ। ਡੀਐਸਪੀ ਹਰਜੀਤ ਸਿੰਘ ਮਾਨ ਨੇ ਦੱਸਿਆ ਕਿ ਦੂਜੇ ਮੁਲਜ਼ਮ ਪਰਮਪਾਲ ਸਿੰਘ ਦੀ ਭਾਲ ਜਾਰੀ ਹੈ। ਰਾਜਵੀਰ ਸਿੰਘ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ, ਜਿਸ ਤੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।

Related Articles

Leave a Reply

Your email address will not be published. Required fields are marked *

Back to top button