Punjab

ਲੁਧਿਆਣਾ ‘ਚ ਘਰ ਅੰਦਰ ਦਾਖਲ ਹੋਏ ਚੋਰ ਨੇ ਕੀਤੇ ਲੱਖਾਂ ਰੁਪਏ ਦੇ ਗਹਿਣੇ ਚੋਰੀ, ਮੁਕੱਦਮਾ ਦਰਜ ਕਰਨ ਮਗਰੋਂ ਪੜਤਾਲ ਸ਼ੁਰੂ

ਲੁਧਿਆਣਾ, 23 ਅਪ੍ਰੈਲ-ਸਿੰਘਪੁਰਾ ਇਲਾਕੇ ਦੇ ਇੱਕ ਘਰ ਦੀ ਤੀਸਰੀ ਮੰਜ਼ਿਲ ‘ਤੇ ਦਾਖਲ ਹੋਏ ਚੋਰ ਨੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਕਰ ਲਏ ।ਥਾਣਾ ਡਿਵੀਜ਼ਨ ਨੰਬਰ ਸੱਤ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸਿੰਘਪੁਰਾ ਦੇ ਰਹਿਣ ਵਾਲੇ ਸੁਸ਼ੀਲ ਕੁਮਾਰ ਤਿਵਾੜੀ ਨੇ ਦੱਸਿਆ ਕਿ ਕੁਝ ਦਿਨ ਪਹਿਲੋਂ ਰਾਤ ਵੇਲੇ ਚੋਰ ਉਹਨਾਂ ਦੇ ਘਰ ਦੀ ਤੀਸਰੀ ਮੰਜ਼ਿਲ ‘ਤੇ ਬਣੇ ਕਮਰੇ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋਏ ਅਤੇ ਅਲਮਾਰੀਆਂ ਵਿੱਚੋਂ ਤਿੰਨ ਸੋਨੇ ਦੀਆਂ ਅੰਗੂਠੀਆਂ, ਇੱਕ ਮੰਗਲ ਸੂਤਰ , ਦੋ ਜੋੜੇ ਕੰਨ ਦੀਆਂ ਵਾਲੀਆਂ, ਚਾਰ ਚਾਂਦੀ ਦੀਆਂ ਪੰਜੇਬਾਂ , ਇੱਕ ਚਾਂਦੀ ਦਾ ਕੜਾ , ਪੈਰਾਂ ਵਿੱਚ ਪਾਉਣ ਵਾਲੇ ਚਾਂਦੀ ਦੇ ਕੜੇ ਅਤੇ ਇੱਕ ਐਪਲ ਦਾ ਲੈਪਟਾਪ ਚੋਰੀ ਕਰਕੇ ਰਫੂ ਚੱਕਰ ਹੋ ਗਏ। ਸਵੇਰ ਵੇਲੇ ਸੁਸ਼ੀਲ ਕੁਮਾਰ ਜਦ ਘਰ ਦੀ ਉੱਪਰ ਵਾਲੀ ਮੰਜ਼ਿਲ ‘ਤੇ ਪਹੁੰਚੇ ਤਾਂ ਉਨ੍ਹਾਂ ਨੂੰ ਵਾਰਦਾਤ ਸਬੰਧੀ ਜਾਣਕਾਰੀ ਮਿਲੀ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਬਲਕਰਨ ਸਿੰਘ ਨੇ ਦੱਸਿਆ ਕਿ ਪੁਲਿਸ ਮਾਮਲੇ ਦੀ ਪੜਤਾਲ ਕਰ ਰਹੀ ਹੈ। ਇਸ ਕੇਸ ਵਿੱਚ ਸੁਸ਼ੀਲ ਕੁਮਾਰ ਦੀ ਸ਼ਿਕਾਇਤ ਲੈ ਕੇ ਅਣਪਛਾਤੇ ਚੋਰਾਂ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਕੇ ਚੋਰਾਂ ਦੀ ਤਲਾਸ਼ ਕੀਤੀ ਜਾ ਰਹੀ ਹੈ।

Related Articles

Leave a Reply

Your email address will not be published. Required fields are marked *

Back to top button