
ਫ਼ਿਰੋਜ਼ਪੁਰ, 17 ਮਾਰਚ (ਬਾਲ ਕਿਸ਼ਨ)– ਫਿਰੋਜ਼ਪੁਰ ਕੈਂਟ ਦੇ ਯਤੀਮਖਾਨਾ ਚੋਂਕ ਵਿਖੇ 2 ਅਣਪਛਾਤੇ ਵਿਅਕਤੀਆਂ ਵੱਲੋਂ ਇਕ ਵਿਅਕਤੀ ’ਤੇ ਹਮਲਾ ਕਰਕੇ 3 ਹਜ਼ਾਰ ਰੁਪਏ, ਆਧਾਰ ਕਾਰਡ, ਪੈਨ ਕਾਰਡ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋਣ ਦੀ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 2 ਅਣਪਛਾਤੇ ਵਿਅਕਤੀਆਂ ਖਿਲਾਫ 118 (1), 304 (2) ਬੀਐੱਨਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਅਸ਼ੋਕ ਕੁਮਾਰ ਯਾਦਵ ਪੁੱਤਰ ਓਮ ਪ੍ਰਕਾਸ਼ ਵਾਸੀ ਮਕਾਨ ਨੰਬਰ 66 ਵਿਕਾਸ ਵਿਹਾਰ ਫੇਸ 1 ਸਿਟੀ ਫਿਰੋਜ਼ਪੁਰ ਨੇ ਦੱਸਿਆ ਕਿ ਉਹ ਆਪਣੀ ਐਕਟਿਵਾ ਸਕੂਟਰ ’ਤੇ ਸਵਾਰ ਹੋ ਕੇ ਕੈਂਟ ਫਿਰੋਜ਼ਪੁਰ ਤੋਂ ਸਿਟੀ ਫਿਰੋਜ਼ਪੁਰ ਆ ਰਿਹਾ ਸੀ, ਜਦ ਉਹ ਨੇੜੇ ਯਤੀਮਖਾਨਾ ਚੋਂਕ ਪਾਸ ਪੁੱਜਾ ਤਾਂ 2 ਨੌਜਵਾਨ ਐਕਟਿਵਾ ਸਕੂਟਰ ਤੇ ਆਏ ਤੇ ਇਕ ਨੇ ਉਸ ਨੂੰ ਅਵਾਜ਼ ਮਾਰੀ। ਜਦ ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਪਿੱਛੇ ਬੈਠੇ ਵਿਅਕਤੀ ਨੇ ਲੋਹੇ ਦੇ ਦਸਤੇ ਵਾਲੀ ਕੁਹਾੜੀ ਨਾਲ ਉਸ ਦੇ ਸਿਰ ’ਤੇ ਵਾਰ ਕੀਤਾ, ਜਿਸ ਕਰਕੇ ਉਹ ਐਕਟਿਵਾ ਤੋਂ ਡਿੱਗ ਗਿਆ। ਅਸ਼ੋਕ ਕੁਮਾਰ ਨੇ ਦੱਸਿਆ ਕਿ ਜਦ ਦੂਜਾ ਵਾਰ ਕੀਤਾ ਤਾਂ ਉਸ ਨੇ ਕੁਹਾੜੀ ਫੜ ਲਈ ਤਾਂ ਐਨੇ ਨੂੰ ਐਕਟਿਵਾ ਸਵਾਰ ਨੇ ਕਾਪਾ ਕੱਢ ਲਿਆ ਤੇ ਲੁਟੇਰਿਆਂ ਨੇ ਉਸ ਦੀ ਜੇਬ ਵਿਚੋਂ ਉਸ ਦਾ ਪਰਸ ਜਿਸ ਵਿਚ 3000 ਰੁਪਏ, ਆਧਾਰ ਕਾਰਡ, ਪੈਨ ਕਾਰਡ ਆਦਿ ਸਨ ਤੇ ਉਸ ਦਾ ਮੋਬਾਇਲ ਫੋਲ ਵੀਵੋ ਕੱਢ ਲਿਆ ਤੇ ਮੌਕੇ ਤੋਂ ਭੱਜ ਗਏ। ਅਸ਼ੋਕ ਕੁਮਾਰ ਨੇ ਦੱਸਿਆ ਕਿ ਉਸ ਦਾ ਇਲਾਜ ਬਾਗੀ ਹਸਪਤਾਲ ਫਿਰੋਜ਼ਪੁਰ ਵਿਖੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਸਹਾਇਕ ਥਾਣੇਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ’ਤੇ 2 ਅਣਪਛਾਤੇ ਵਿਅਕਤੀਆਂ ’ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



