ਲਾਂਸ ਨਾਇਕ ਪ੍ਰਿਤਪਾਲ ਸਿੰਘ ਦੇ ਜੰਮੂ ਕਸ਼ਮੀਰ ‘ਚ ਸ਼ਹੀਦ ਹੋਣ ਨਾਲ ਪਰਿਵਾਰ ‘ਤੇ ਟੁੱਟਿਆ ਦੁੱਖਾਂ ਦਾ ਪਹਾੜ
ਚਾਰ ਮਹੀਨੇ ਪਹਿਲਾਂ ਹੋਇਆ ਸੀ ਵਿਆਹ

ਖੰਨਾ, 10 ਅਗਸਤ : ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰਦਾ ਪਿੰਡ ਮਾਨੂੰਪੁਰ ਦਾ ਲਾਂਸ ਨਾਇਕ ਪ੍ਰਿਤਪਾਲ ਸਿੰਘ ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਾ ਸ਼ਹੀਦ ਹੋ ਗਿਆ ਹੈ ਜਿਸ ਕਾਰਨ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸੁਰੱਖਿਆ ਬਲਾਂ ਦਾ ਪਿਛਲੇ ਨੌ ਦਿਨਾਂ ਤੋਂ ਅੱਤਵਾਦੀਆਂ ਵਿਰੁੱਧ ਮੁਕਾਬਲਾ ਚੱਲ ਰਿਹਾ ਸੀ। ਅੱਤਵਾਦੀਆਂ ਨਾਲ ਚੱਲ ਰਹੇ ਮੁਕਾਬਲੇ ‘ਚ ਲਾਂਸ ਨਾਇਕ ਪ੍ਰਿਤਪਾਲ ਸਿੰਘ ਅੱਤਵਾਦੀਆਂ ਦੀ ਗੋਲ਼ੀ ਨਾਲ ਸ਼ਹੀਦ ਹੋ ਗਿਆ। ਜਦੋਂ ਪੱਤਰਕਾਰਾਂ ਦੀ ਟੀਮ ਨੇ ਪਿੰਡ ਜਾ ਕੇ ਸ਼ਹੀਦ ਦੇ ਘਰ ਦਾ ਦੌਰਾ ਕੀਤਾ ਤਾਂ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਪਿਆ ਸੀ। ਪ੍ਰਿਤਪਾਲ ਸਿੰਘ ਦੇ ਪਿਤਾ ਹਰਬੰਸ ਸਿੰਘ ਨੇ ਦੱਸਿਆ ਕਿ ਮੇਰੇ ਲੜਕੇ ਦੇ ਸ਼ਹੀਦ ਹੋਣ ਖ਼ਬਰ ਤੜਕੇ ਪੰਜ ਵਜੇ ਉਸ ਦੇ ਸਾਥੀ ਦੋਸਤ ਨੇ ਫੋਨ ‘ਤੇ ਦਿੱਤੀ ਜਿਸ ਨਾਲ ਸਾਡੇ ਘਰ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ। ਸ਼ਹੀਦ ਦੇ ਪਿਤਾ ਨੇ ਰੋਂਦੇ ਹੋਏ ਦੱਸਿਆ ਕਿ ਮੇਰਾ ਪੁੱਤ ਮੁੱਢ ਤੋਂ ਹੀ ਫ਼ੌਜ ‘ਚ ਭਰਤੀ ਹੋਣਾ ਚਾਹੁੰਦਾ ਸੀ। ਦੇਸ਼ ਭਗਤੀ ਉਸ ‘ਚ ਕੁੱਟ ਕੁੱਟ ਕੇ ਭਰੀ ਹੋਈ ਸੀ।ਉਹ 2015 ‘ਚ ਫ਼ੌਜ ‘ਚ ਭਰਤੀ ਹੋ ਗਿਆ ਸੀ। ਅਜੇ ਚਾਰ ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਉਸ ਦੀ ਪਤਨੀ ਮਨਪ੍ਰੀਤ ਕੌਰ ਦੀ ਹਾਲੇ ਹੱਥਾਂ ਦੀ ਮਹਿੰਦੀ ਵੀ ਨਹੀਂ ਲਹੀ ਕੇ ਆਹ ਭਾਣਾ ਵਾਪਰ ਗਿਆ। ਜਿੱਥੇ ਮੈਨੂੰ ਆਪਣੇ ਪੁੱਤ ‘ਤੇ ਦੇਸ਼ ਲਈ ਸ਼ਹੀਦ ਹੋਣ ‘ਤੇ ਮਾਣ ਹੈ, ਉੱਥੇ ਉਸ ਦੇ ਤੁਰ ਜਾਣ ਨਾਲ ਮੇਰੇ ਪਰਿਵਾਰ ਨੂੰ ਬਹੁਤ ਵੱਡਾ ਘਾਟਾ ਪਿਆ ਹੈ। ਪ੍ਰਿਤਪਾਲ ਸਿੰਘ ਦੀ ਮਾਤਾ ਕੁਲਦੀਪ ਕੌਰ ਨੇ ਰੋਂਦੇ ਹੋਇਆ ਦੱਸਿਆ ਕਿ ਮੇਰਾ ਪੁੱਤ ਮੈਨੂੰ ਦਿਨ ‘ਚ ਕਈ ਵਾਰ ਫੋਨ ‘ਤੇ ਗੱਲਬਾਤ ਕਰ ਲੈਂਦਾ ਸੀ। ਅੱਜ ਜਦੋਂ ਉਸ ਦੀ ਸ਼ਹੀਦ ਹੋਣ ਦੀ ਖਬਰ ਮਿਲੀ ਤਾਂ ਸਾਡੇ ਪਰਿਵਾਰ ਦੇ ਪੈਰਾ ਹੇਠੋਂ ਜ਼ਮੀਨ ਹੀ ਖਿਸਕ ਗਈ।ਮੇਰੀ ਤਾਂ ਦੁਨੀਆ ਹੀ ਉਜੜ ਗਈ ਹੈ।ਕਿਉਂ ਕਿ ਮੇਰੇ ਪੁੱਤ ਦਾ ਅਸੀਂ ਚਾਰ ਮਹੀਨੇ ਪਹਿਲਾ ਚਾਵਾਂ ਨਾਲ ਵਿਆਹ ਕੀਤਾ ਸੀਪਰ ਰੱਬ ਨੇ ਸਾਡੇ ਨਾਲ ਬਹੁਤ ਮਾੜਾ ਕੀਤਾ ਹੈ।ਮੈਨੂੰ ਤਾਂ ਮੇਰਾ ਪੁੱਤ ਵਾਪਸ ਚਾਹੀਦਾ ਹੈ। ਪ੍ਰਿਤਪਾਲ ਸਿੰਘ ਦੇ ਭਰਾ ਨੇ ਦੱਸਿਆ ਕਿ ਮੇਰਾ ਭਰਾ ਬਹੁਤ ਹੀ ਚੰਗੇ ਸੁਭਾਅ ਦਾ ਸੀ।ਦੱਸ ਸਾਲ ਪਹਿਲਾਂ ਫ਼ੌਜ ‘ਚ ਭਰਤੀ ਹੋਇਆ ਸੀ।ਉਸ ਨੇ ਫ਼ੌਜ ‘ਚ ਸਖਤ ਮਿਹਨਤ ਕਰਕੇ ਸਾਡੇ ਘਰ ਦੀ ਗਰੀਬੀ ਦੂਰ ਕੀਤੀ ਸੀ।ਜਦੋਂ ਅੱਜ ਤੜਕੇ ਉਸ ਦੇ ਦੋਸਤ ਨੇ ਮੇਰੇ ਫੋਨ ਤੇ ਮੈਸੇਜ਼ ਕੀਤਾ ਕੇ ਪ੍ਰਿਤਪਾਲ ਸਿੰਘ ਨਾਲ ਭਾਣਾ ਵਰਤ ਗਿਆ ਹੈ।ਤਾਂ ਸਾਡੇ ਪਰਿਵਾਰ ਨੂੰ ਭਾਰੀ ਸਦਮਾ ਲੱਗਿਆ ਹੈ।ਉਨ੍ਹਾਂ ਸਰਕਾਰ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਭਰਾ ਦੇਹ ਜਲਦੀ ਤੋਂ ਜਲਦੀ ਸਾਡੇ ਘਰ ਪਹੁੰਚਾ ਦਿੱਤੀ ਜਾਵੇ।



