
ਬਟਾਲਾ, 7 ਜੂਨ : ਬਟਾਲਾ-ਅੰਮ੍ਰਿਤਸਰ ਬਾਈਪਾਸ ’ਤੇ ਸਥਿਤ ਪਿੰਡ ਕੁਲੀਆਂ ਦੇ ਮੋੜ ਨੇੜੇ ਨੌਜਵਾਨਾਂ ਨੇ ਦੂਜੇ ਧੜੇ ’ਤੇ ਗੋਲ਼ੀਆਂ ਚਲਾ ਦਿੱਤੀਆਂ। ਇਸ ਘਟਨਾ ’ਚ ਦੋ ਨੌਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਨਿੱਜੀ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਲੜਾਈ ਇਕ ਕੁੜੀ ਨੂੰ ਲੈ ਕੇ ਹੋਈ ਹੈ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਜਾਣਕਾਰੀ ਦਿੰਦੇ ਹੋਏ ਪਿੰਡ ਮੂਲਿਆਂਵਾਲ ਦੇ ਵਸਨੀਕ ਵਿਸ਼ਾਲ ਨੇ ਦੱਸਿਆ ਕਿ ਉਸ ਨੂੰ ਤਰਨਤਾਰਨ ਦੇ ਨੌਜਵਾਨਾਂ ਵੱਲੋਂ ਗੋਲ਼ੀ ਮਾਰਨ ਦੀ ਧਮਕੀ ਦਿੱਤੀ ਗਈ ਸੀ, ਜਿਸ ‘ਤੇ ਉਕਤ ਨੌਜਵਾਨ ਨੇ ਉਸ ਨੂੰ ਦੱਸਿਆ ਕਿ ਉਹ ਇਕ ਕੁੜੀ ਨਾਲ ਗੱਲ ਕਰਦਾ ਹੈ, ਜਿਸ ‘ਤੇ ਉਸ ਨੇ ਉਕਤ ਨੌਜਵਾਨ ਨੂੰ ਕਿਹਾ ਕਿ ਉਹ ਭਵਿੱਖ ’ਚ ਉਕਤ ਕੁੜੀ ਨਾਲ ਗੱਲ ਨਹੀਂ ਕਰੇਗਾ। ਪਰ ਉਕਤ ਨੌਜਵਾਨ ਨੇ ਫਿਰ ਵੀ ਉਸ ਨੂੰ ਗੋਲ਼ੀ ਮਾਰਨ ਦੀ ਧਮਕੀ ਦਿੱਤੀ। ਇਸ ਦੌਰਾਨ ਉਕਤ ਨੌਜਵਾਨ ਹੋਰ ਨੌਜਵਾਨਾਂ ਨਾਲ ਬਟਾਲਾ ਪਹੁੰਚ ਗਿਆ ਤੇ ਉਸ ਨੂੰ ਫੋਨ ‘ਤੇ ਕਿਹਾ ਕਿ ਉਹ ਉਸ ਦੇ ਇਲਾਕੇ ’ਚ ਪਹੁੰਚ ਗਏ ਹਨ, ਉਹ ਵੀ ਇਥੇ ਆ ਜਾਵੇ। ਪਰ ਉਸ ਨੇ ਨੌਜਵਾਨਾਂ ਦੀਆਂ ਗੱਲਾਂ ਨੂੰ ਅਣਗੌਲਿਆ ਕਰ ਦਿੱਤਾ। ਪਰ ਫਿਰ ਉਕਤ ਨੌਜਵਾਨਾਂ ਨੇ ਉਸ ਨੂੰ ਫੋਨ ਕਰ ਕੇ ਆਉਣ ਲਈ ਮਜਬੂਰ ਕੀਤਾ, ਜਿਸ ‘ਤੇ ਉਹ ਆਪਣੇ ਚਚੇਰੇ ਭਰਾ ਹਰਦਿਆਲ ਸਿੰਘ ਪੁੱਤਰ ਸੰਤੋਖ ਸਿੰਘ ਤੇ ਰਾਹੁਲ ਪੁੱਤਰ ਵਿਸਾਖਾ ਸਿੰਘ ਨਾਲ ਉਕਤ ਜਗ੍ਹਾ ‘ਤੇ ਪਹੁੰਚ ਗਿਆ, ਜਿਵੇਂ ਹੀ ਉਹ ਪਿੰਡ ਕੁਲੀਆਂ ਦੇ ਮੋੜ ਨੇੜੇ ਪਹੁੰਚਿਆ ਤਾਂ ਉਕਤ ਨੌਜਵਾਨਾਂ ਨੇ ਬਿਨਾਂ ਗੱਲ ਕੀਤੇ ਉਨ੍ਹਾਂ ‘ਤੇ ਗੋਲ਼ੀਆਂ ਚਲਾ ਦਿੱਤੀਆਂ, ਜਿਸ ‘ਤੇ ਉਸਦੇ ਚਚੇਰੇ ਭਰਾ ਹਰਦਿਆਲ ਸਿੰਘ ਤੇ ਰਾਹੁਲ ਦੇ ਗੋਲ਼ੀਆਂ ਲੱਗ ਗਈਆਂ। ਹਰਦਿਆਲ ਸਿੰਘ ਦੇ ਗੋਲ਼ੀ ਗੋਡੇ ’ਚ ਲੱਗੀ ਹੈ, ਜਦਕਿ ਰਾਹੁਲ ਦੀ ਪਿੱਠ ’ਚ ਗੋਲ਼ੀ ਵੱਜੀ ਹੈ। ਦੋਵਾਂ ਜ਼ਖ਼ਮੀ ਨੌਜਵਾਨਾਂ ਨੂੰ ਬਟਾਲਾ ਦੇ ਨਿੱਜੀ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਗਈ ਹੈ। ਵਿਸ਼ਾਲ ਨੇ ਦੱਸਿਆ ਕਿ ਤਿੰਨ ਨੌਜਵਾਨ ਬਾਈਕ ‘ਤੇ ਤਰਨਤਾਰਨ ਤੋਂ ਬਟਾਲਾ ਆਏ ਸਨ ਤੇ ਗੋਲੀਬਾਰੀ ਕਰਨ ਤੋਂ ਬਾਅਦ ਉੱਥੋਂ ਭੱਜ ਗਏ। ਇਸ ਸਬੰਧੀ ਥਾਣਾ ਸਦਰ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਥਾਣਾ ਸਦਰ ਦੇ ਐੱਸਐੱਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਗੋਲ਼ੀਬਾਰੀ ਦੀ ਸੂਚਨਾ ਮਿਲਣ ‘ਤੇ ਉਹ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚੇ। ਗੋਲ਼ੀਬਾਰੀ ਕਾਰਨ ਹਰਦਿਆਲ ਤੇ ਰਾਹੁਲ ਜ਼ਖ਼ਮੀ ਹੋ ਗਏ ਹਨ। ਪੁਲਿਸ ਵੱਲੋਂ ਬਿਆਨ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਸ ਨੇ ਦੱਸਿਆ ਕਿ ਮੁੱਢਲੀ ਜਾਂਚ ’ਚ ਇਕ ਲੜਕੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ, ਪਰ ਫਿਰ ਵੀ ਇਸ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।



