
ਸੁਨਾਮ, 27 ਅਕਤੂਬਰ : ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦੇ ਨੌਜਵਾਨ ਨੇ ਲੰਘੀ ਰਾਤ ਜਾਖਲ-ਲੁਧਿਆਣਾ ਰੇਲਵੇ ਲਾਈਨ ’ਤੇ ਰੇਲ ਗੱਡੀ ਹੇਠ ਆ ਕੇ ਆਪਣੀ ਜੀਵਨਲੀਲ੍ਹਾ ਖ਼ਤਮ ਕਰ ਲਈ ਹੈ। ਰੇਲਵੇ ਸਟੇਸ਼ਨ ਸੁਨਾਮ ਦੀ ਜੀਆਰਪੀ ਚੌਕੀ ਦੇ ਇੰਚਾਰਜ ਅਜੇ ਕੁਮਾਰ ਨੇ ਦੱਸਿਆ ਕਿ ਨੌਜਵਾਨ ਨੇ ਛਾਜਲੀ ਤੇ ਗੋਬਿੰਦਗੜ੍ਹ ਰੇਲਵੇ ਸਟੇਸ਼ਨਾਂ ਵਿਚਕਾਰ ਚੁਰੂ ਤੋਂ ਲੁਧਿਆਣਾ ਜਾ ਰਹੀ ਪੈਸੰਜਰ ਰੇਲ ਗੱਡੀ ਹੇਠ ਆ ਕੇ ਖੁਦਕਸ਼ੀ ਕਰ ਲਈ ਗਈ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਛਾਣ ਅਵਤਾਰ ਸਿੰਘ ਉਰਫ ਤਾਰੀ (33) ਪੁੱਤਰ ਅਮਰਜੀਤ ਸਿੰਘ ਵਾਸੀ ਛਾਜਲੀ ਵਜੋਂ ਹੋਈ ਹੈ ਜੋ ਕਿ ਮਾਨਸਿਕ ਤੌਰ ’ਤੇ ਪਰੇਸ਼ਾਨ ਰਹਿੰਦਾ ਸੀ। ਸਹਾਇਕ ਥਾਣੇਦਾਰ ਅਜੇ ਕੁਮਾਰ ਨੇ ਕਿਹਾ ਕਿ ਪੁਲਿਸ ਵੱਲੋਂ ਮ੍ਰਿਤਕ ਦੇ ਤਾਏ ਸਰਵਣ ਸਿੰਘ ਤੇ ਤਾਏ ਦੇ ਲੜਕੇ ਕੁਲਵੰਤ ਸਿੰਘ ਦੇ ਬਿਆਨਾਂ ’ਤੇ ਬੀਐੱਨਐੱਸਐੱਸ ਦੀ ਧਾਰਾ 194 ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਜਾਵੇਗੀ। ਜਿਕਰਯੋਗ ਹੈ ਕਿ ਮ੍ਰਿਤਕ ਨੌਜਵਾਨ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਤੇ ਮ੍ਰਿਤਕ ਅਵਤਾਰ ਸਿੰਘ ਮਾਪਿਆਂ ਦਾ ਇਕਲੌਤਾ ਲੜਕਾ ਸੀ। ਜਿਸ ਦੀਆਂ ਦੋ ਭੈਣਾਂ ਹਨ।



