
ਲੁਧਿਆਣਾ, 7 ਜੂਨ : ਲੁਧਿਆਣਾ ਰੇਲ ਗੱਡੀਆਂ ’ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਨਿਸ਼ਾਨਾ ਬਣਾ ਕੇ ਕੀਮਤੀ ਸਾਮਾਨ ਚੋਰੀ ਕਰਨ ਵਾਲੇ ਗੈਂਗ ਦੇ 3 ਮੈਂਬਰਾਂ ਨੂੰ ਥਾਣਾ ਜੀਆਰਪੀ ਪੁਲਿਸ ਲੁਧਿਆਣਾ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਕਰੀਬ ਇਕ ਹਫਤਾ ਪਹਿਲਾਂ ਬਿਹਾਰ ਤੋਂ ਲੁਧਿਆਣਾ ਆਉਣ ਵਾਲੇ ਪਰਿਵਾਰ ਦੇ ਲੱਖਾਂ ਰੁਪਏ ਦੇ ਗਹਿਣੇ ਚੋਰੀ ਹੋਣ ਦੇ ਮਾਮਲੇ ’ਚ ਜੀਆਰਪੀ ਪੁਲਿਸ ਨੇ ਤਫਤੀਸ਼ ਦੌਰਾਨ ਇਸ ਗੈਂਗ ਦੀ ਪਛਾਣ ਕਰ ਕੇ ਮੁਲਜ਼ਮਾਂ ਨੂੰ ਦਬੋਚ ਲਿਆ। ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਤਿੰਦਰ, ਰਵੀ ਕੁਮਾਰ ਪੁੱਤਰ ਦਲਬੀਰ ਸਿੰਘ ਵਾਸੀ ਹਿਸਾਰ ਹਰਿਆਣਾ ਤੇ ਜਤਿੰਦਰ ਕੁਮਾਰ ਵਾਸੀ ਹਿਸਾਰ ਦੇ ਰੂਪ ’ਚ ਹੋਈ ਹੈ। ਥਾਣਾ ਜੀਆਰਪੀ ਦੇ ਮੁੱਖ ਅਫਸਰ ਇੰਸ. ਪਲਵਿੰਦਰ ਸਿੰਘ ਮੁਤਾਬਕ ਕਰੀਬ 7 ਦਿਨ ਪਹਿਲਾਂ ਲੁਧਿਆਣਾ ਦੀ ਰਹਿਣ ਵਾਲੀ ਅਰਪਨਾ ਝਾ ਨੂੰ ਨਿਸ਼ਾਨਾ ਬਣਾ ਕੇ ਚੋਰਾਂ ਨੇ ਪਰਿਵਾਰ ਦੇ ਲੱਖਾਂ ਰੁਪਏ ਕੀਮਤ ਦੇ ਗਹਿਣੇ ਚੋਰੀ ਕਰ ਲਏ। ਅਰਪਨਾ ਆਪਣੀ ਸ਼ਾਦੀਸ਼ੁਦਾ ਬੇਟੀ ਤੇ ਨੂੰਹ ਨਾਲ ਆਪਣੇ ਬੇਟੇ ਦਾ ਵਿਆਹ ਕਰ ਕੇ ਬਿਹਾਰ ਤੋਂ ਰੇਲ ਗੱਡੀ ਰਾਹੀਂ ਲੁਧਿਆਣਾ ਆ ਰਹੀ ਸੀ। ਇਸ ਦੌਰਾਨ ਲੁਧਿਆਣਾ ਰੇਲਵੇ ਸਟੇਸ਼ਨ ਪੁੱਜਣ ਤੋਂ ਪਹਿਲਾਂ ਕਰੀਬ ਅੱਧਾ ਦਰਜਨ ਵਿਅਕਤੀਆਂ ਨੇ ਉਨ੍ਹਾਂ ਦੇ ਟਰਾਲੀ ਬੈਗ ’ਚੋਂ ਗਹਿਣੇ ਚੋਰੀ ਕਰ ਲਏ। ਚੋਰਾਂ ਨੇ ਬੈਗ ’ਚ ਪਏ 9 ਜੋੜੇ ਸੋਨੇ ਦੇ ਕਾਂਟੇ, ਸੋਨੇ ਦੀਆਂ 3 ਅੰਗੂਠੀਆਂ, ਹੀਰੇ ਦੀਆਂ ਅੰਗੂਠੀਆਂ, ਲਕਸ਼ਮੀ ਮਾਤਾ ਦੀ ਮੂਰਤੀ, 2 ਮੰਗਲ ਸੂਤਰ, ਇੱਕ ਰਾਣੀਹਾਰ, ਕਰੀਬ 200 ਗ੍ਰਾਮ ਸੋਨੇ ਦੇ 2 ਕੜੇ ਚਾਂਦੀ ਦੇ ਕੀਮਤੀ ਗਹਿਣੇ ਤੇ ਇੱਕ ਨਵਾਂ ਆਈਫੋਨ ਚੋਰੀ ਕੀਤਾ ਤੇ ਮੁਲਜ਼ਮ ਵਾਰਦਾਤ ਕਰ ਕੇ ਫਰਾਰ ਹੋ ਗਏ। ਵਾਰਦਾਤ ਦਾ ਸ਼ਿਕਾਰ ਹੋਏ ਪਰਿਵਾਰ ਵੱਲੋਂ ਇਸ ਵਾਰਦਾਤ ਦੀ ਜਾਣਕਾਰੀ ਥਾਣਾ ਜੀਆਰਪੀ ਲੁਧਿਆਣਾ ਦੀ ਪੁਲਿਸ ਨੂੰ ਦਿੱਤੀ ਗਈ। ਚੋਰੀ ਦੇ ਇਸ ਵੱਡੀ ਵਾਰਦਾਤ ਦਾ ਪਤਾ ਲੱਗਣ ਮਗਰੋਂ ਜੀਆਰਪੀ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਬਣਾ ਕੇ ਵਾਰਦਾਤ ਕਰਨ ਵਾਲੇ ਚੋਰਾਂ ਦੀ ਸ਼ਨਾਖਤ ਲਈ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਤੇ ਹੋਰ ਵਸੀਲੇ ਇਖਤਿਆਰ ਕਰਦੇ ਹੋਏ ਗੈਂਗ ਦੇ ਇਨ੍ਹਾਂ ਮੈਂਬਰਾਂ ਦੀ ਸ਼ਨਾਖਤ ਕਰ ਲਈ ਗਈ। ਜੀਆਰਪੀ ਦੀਆਂ ਟੀਮਾਂ ਵੱਲੋਂ ਲਗਾਤਾਰ ਛਾਪੇਮਾਰੀ ਕਰ ਕੇ ਚੋਰੀ ਕਰਨ ਵਾਲੇ ਤਿੰਨੋ ਮੁਲਜ਼ਮ ਕਾਬੂ ਕਰ ਲਏ ਗਏ। ਪੁਲਿਸ ਨੇ ਚੋਰੀ ਸ਼ੁਦਾ ਮਾਲ ਦੀ ਰਿਕਵਰੀ ਲਈ ਮੁਲਜ਼ਮਾਂ ਦਾ 3 ਦਿਨਾਂ ਦਾ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇੰਸ. ਪਲਵਿੰਦਰ ਸਿੰਘ ਮੁਤਾਬਕ ਰਿਮਾਂਡ ਦੌਰਾਨ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਦੇ ਹੋਰ ਸਾਥੀਆਂ ਤੇ ਪਹਿਲਾਂ ਕੀਤੀਆਂ ਗਈਆਂ ਵਾਰਦਾਤਾਂ ਬਾਰੇ ਅਹਿਮ ਸੁਰਾਗ ਹੱਥ ਲੱਗਣ ਦੀ ਆਸ ਹੈ ਤੇ ਜਲਦੀ ਹੀ ਵੱਡੇ ਖੁਲਾਸੇ ਕੀਤੇ ਜਾਣਗੇ। ਬਾਕਸ— 5 ਸੂਬਿਆਂ ਦੇ ਯਾਤਰੀਆਂ ’ਤੇ ਰੱਖਦੇ ਸੀ ਨਜ਼ਰ ਥਾਣਾ ਜੀਆਰਪੀ ਦੇ ਮੁੱਖ ਅਫਸਰ ਇੰਸ. ਪਲਵਿੰਦਰ ਸਿੰਘ ਮੁਤਾਬਕ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਨੇ ਸ਼ੁਰੂਆਤੀ ਪੜਤਾਲ ਦੌਰਾਨ ਖੁਲਾਸਾ ਕੀਤਾ ਕਿ ਉਹ ਲੰਬੇ ਸਮੇਂ ਤੋਂ ਪੰਜਾਬ ਸਣੇ 4 ਹੋਰ ਲਾਗਲੇ ਰਾਜਾਂ ਨੂੰ ਆਉਣ ਜਾਣ ਵਾਲੀਆਂ ਰੇਲਾਂ ’ਚ ਸਫਰ ਕਰਨ ਵਾਲੇ ਯਾਤਰੀਆਂ ਨੂੰ ਨਿਸ਼ਾਨਾ ਬਣਾਉਂਦੇ ਆ ਰਹੇ ਹਨ। ਮੁਲਜ਼ਮਾਂ ਵੱਲੋਂ ਉੱਤਰ ਪ੍ਰਦੇਸ਼, ਹਰਿਆਣਾ, ਦਿੱਲੀ ਤੇ ਪੰਜਾਬ ਸਣੇ ਜੰਮੂ-ਕਸ਼ਮੀਰ ਨੂੰ ਆਉਣ ਜਾਣ ਵਾਲੀਆਂ ਟ੍ਰੇਨਾਂ ’ਚ ਸਰਗਰਮ ਹੋ ਕੇ ਯਾਤਰੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਸੀ। ਵਾਰਦਾਤ ਕਰਨ ਤੋਂ ਪਹਿਲਾਂ ਆਪਣਾ ਸ਼ਿਕਾਰ ਚੁਣਨ ਤੇ ਉਸ ਦ ਰੈਕੀ ਕਰਨ ਲਈ ਇਹ ਸਵਾਰੀਆਂ ਨਾਲ ਸਫਰ ਕਰਦੇ ਤੇ ਨਜ਼ਰ ਰੱਖਦੇ ਕਿ ਸਵਾਰੀਆਂ ਨੇ ਆਪਣੀ ਨਕਦੀ ਜਾਂ ਗਹਿਣੇ ਕਿਸ ਬੈਗ ’ਚ ਰੱਖੇ ਹਨ। ਚੱਲਦੀ ਗੱਡੀ ਜਾਂ ਪਲੇਟਫਾਰਮ ਦੀ ਭੀੜ ਦਾ ਫਾਇਦਾ ਚੁੱਕ ਕੇ ਸਵਾਰੀਆਂ ਨੂੰ ਚੜ੍ਹਦੇ ਜਾਂ ਉੱਤਰਦੇ ਸਮੇਂ ਧੱਕਾ-ਮੁੱਕੀ ਕਰ ਕੇ ਉਲਝਾਉਂਦੇ ਤੇ ਕੀਮਤੀ ਸਾਮਾਨ ਚੋਰੀ ਕਰ ਕੇ ਬਚ ਨਿਕਲਦੇ। ਇਸ ਤੋਂ ਇਲਾਵਾ ਲੰਬੇ ਸਫਰ ਕਰਨ ਵਾਲੀਆਂ ਸਵਾਰੀਆਂ ਨੂੰ ਨੀਂਦ ਦੀ ਹਾਲਤ ’ਚ ਵੇਖ ਕੇ ਉਨ੍ਹਾਂ ਦਾ ਸਾਮਾਨ ਚੋਰੀ ਕਰ ਲੈਂਦੇ ਸਨ। ਇਹ ਗੈਂਗ ਜ਼ਿਆਦਾਤਰ ਨਵੇਂ ਵਿਆਹੇ ਜੋੜਿਆ ਜਾਂ ਚੰਗੀ ਦਿੱਖ ਵਾਲੇ ਧਾਰਮਿਕ ਯਾਤਰਾ ਕਰਨ ਵਾਲੀਆਂ ਸਵਾਰੀਆਂ ਤੇ ਵਿਆਹ ਸ਼ਾਦੀ ਕਰਨ ਜਾ ਰਹੇ ਜਾਂ ਵਾਪਸ ਆ ਰਹੇ ਪਰਿਵਾਰਾਂ ਨੂੰ ਨਿਸ਼ਾਨਾ ਬਣਾਉਂਦੇ ਸਨ, ਕਿਉਂਕਿ ਇਨ੍ਹਾਂ ਨੂੰ ਪਤਾ ਹੁੰਦਾ ਸੀ ਕਿ ਇਸ ਪਰਿਵਾਰ ਕੋਲ ਯਾਤਰਾ ਦੌਰਾਨ ਮਹਿੰਗੇ ਗਹਿਣੇ ਤੇ ਨਕਦੀ ਮੌਜੂਦ ਹੋਵੇਗੀ। ਬਾਕਸ-0- ਇੱਕੋ ਪਿੰਡ ਦੇ ਰਹਿਣ ਵਾਲੇ ਹਨ ਤਿੰਨੋਂ ਮੁਲਜ਼ਮ ਇੰਸ. ਪਲਵਿੰਦਰ ਸਿੰਘ ਮੁਤਾਬਕ ਰੇਲ ਯਾਤਰੀਆਂ ਨਾਲ ਚੋਰੀ ਦੀਆਂ ਵਾਰਦਾਤਾਂ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਜਤਿੰਦਰ ਰਵੀ ਤੇ ਜਤਿੰਦਰ ਕੁਮਾਰ ਹਰਿਆਣਾ ਦੇ ਜ਼ਿਲ੍ਹਾ ਹਾਂਸੀ ਅਧੀਨ ਪਿੰਡ ਸਿਸਾਈ ਦੇ ਰਹਿਣ ਵਾਲੇ ਹਨ। ਇੱਕ ਹੀ ਪਿੰਡ ਦੇ ਰਹਿਣ ਵਾਲੇ ਮੁਲਜ਼ਮਾਂ ਨੇ ਆਪਣੇ ਹੀ ਪਿੰਡ ਦੇ ਵਿਅਕਤੀਆਂ ਨੂੰ ਇਕੱਠਾ ਕਰ ਕੇ ਗੈਂਗ ਖੜ੍ਹਾ ਕਰ ਲਿਆ। ਆਸ ਹੈ ਕਿ ਅਗਲੇਰੀ ਪੁੱਛ ਪੜਤਾਲ ’ਚ ਇਸ ਗੈਂਗ ਨਾਲ ਜੁੜੇ ਹੋਰ ਮੈਂਬਰਾਂ ਬਾਰੇ ਵੀ ਜਾਣਕਾਰੀ ਮਿਲੇਗੀ ਤੇ ਮੁਲਜ਼ਮਾਂ ਵੱਲੋਂ ਬੀਤੇ ਸਮੇਂ ’ਚ ਅੰਜਾਮ ਦਿੱਤੀਆਂ ਵਾਰਦਾਤਾਂ ਦਾ ਵੀ ਖੁਲਾਸਾ ਹੋਵੇਗਾ। ਬਾਕਸ– ਚੋਰੀਆਂ ਰੋਕਣ ਲਈ ਵਧਾਈ ਗਸਤ ਜੀਆਰਪੀ ਪੁਲਿਸ ਅਧਿਕਾਰੀਆਂ ਮੁਤਾਬਕ ਲੁਧਿਆਣਾ ਰੇਲਵੇ ਸਟੇਸ਼ਨ ਦੇ ਨਵੀਨੀਕਰਨ ਦਾ ਕੰਮ ਚੱਲਦਾ ਹੋਣ ਕਾਰਨ ਸਟੇਸ਼ਨ ਦੀ ਪੁਰਾਣੀ ਇਮਾਰਤ ਦੀ ਤੋੜਭੰਨ ਤੇ ਨਵੀਂ ਬਿਲਡਿੰਗ ਉਸਾਰੀ ਜਾ ਰਹੀ ਹੈ। ਇਸ ਤੋੜਭੰਨ ਦੌਰਾਨ ਰੇਲਵੇ ਸਟੇਸ਼ਨ ’ਤੇ ਆਉਣ-ਜਾਣ ਵਾਲਿਆਂ ਦੀ ਨਿਗਰਾਨੀ ਲਈ ਲਾਏ ਕਈ ਸੀਸੀਟੀਵੀ ਕੈਮਰੇ ਆਰਜ਼ੀ ਤੌਰ ’ਤੇ ਪੂਰਾ ਕੰਮ ਨਹੀਂ ਕਰ ਰਹੇ। ਅਜਿਹੇ ਹਾਲਾਤ ’ਚ ਯਾਤਰੀਆਂ ਦੀ ਸੁਰੱਖਿਆ ਲਈ ਰੇਲਵੇ ਸਟੇਸ਼ਨ ਤੇ ਆਸ-ਪਾਸ ਪੁਲਿਸ ਟੀਮਾਂ ਦੀ ਗਸ਼ਤ ਵਧਾਈ ਗਈ ਹੈ। ਉਨ੍ਹਾਂ ਅਪੀਲ ਕੀਤੀ ਕਿ ਯਾਤਰਾ ਦੌਰਾਨ ਕਿਸੇ ਵੀ ਤਰ੍ਹਾਂ ਦੇ ਸ਼ੱਕੀ ਵਿਵਹਾਰ ਕਰਨ ਵਾਲੇ ਅਨਸਰਾਂ ਬਾਰੇ ਤੁਰੰਤ ਜੀਆਰਪੀ ਪੁਲਿਸ ਨੂੰ ਸੂਚਿਤ ਕੀਤਾ ਜਾਵੇ ਤਾਂ ਜੋ ਹਰੇਕ ਯਾਤਰੀ ਸੁਰੱਖਿਅਤ ਯਾਤਰਾ ਦਾ ਆਨੰਦ ਮਾਣ ਸਕੇ।



