
ਲੁਧਿਆਣਾ, 7 ਜੂਨ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਤੇ ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ’ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਨੇ ਪੰਜਾਬ ਸਰਕਾਰ ’ਤੇ ਸ਼ਬਦੀ ਵਾਰ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਤੇ ਸੱਤਾਧਾਰੀਆਂ ਦੇ ਦਾਅਵੇ ਅਨੁਸਾਰ ਜੇਕਰ ਸੱਚਮੁੱਚ ਵਿਜੀਲੈਂਸ ਬਿਊਰੋ ਮੇਰੇ ਕਹਿਣੇ ’ਚ ਹੈ ਤਾਂ ਮੁੱਖ ਮੰਤਰੀ ਇੱਕ ਦਿਨ ਲਈ ਵੀ ਆਪਣਾ ਅਹੁਦਾ ਸੰਭਾਲਣ ਦੇ ਹੱਕਦਾਰ ਨਹੀਂ ਹਨ, ਕਿਉਂਕਿ ਇਸ ਦਾ ਮਤਲਬ ਹੈ ਕਿ ਉਹ ਆਪਣੀ ਸਰਕਾਰ ਤੇ ਵਿਭਾਗਾਂ ਤੋਂ ਵਿਸ਼ਵਾਸ ਤੇ ਕੰਟਰੋਲ ਗੁਆ ਚੁੱਕੇ ਹਨ। ‘ਆਪ’ ਆਗੂਆਂ ਵੱਲੋਂ ਵਾਰ-ਵਾਰ ਇਹ ਦਾਅਵਾ ਕਰਨ ’ਤੇ ਉਨ੍ਹਾਂ ਦੀ ਪ੍ਰਤੀਕਿਰਿਆ ਬਾਰੇ ਪੁੱਛੇ ਜਾਣ ’ਤੇ ਕਿ ਉਨ੍ਹਾਂ ਨੇ ਹਮਦਰਦੀ ਹਾਸਲ ਕਰਨ ਲਈ ਐੱਸਐੱਸਪੀ ਵਿਜੀਲੈਂਸ ਬਿਊਰੋ ਲੁਧਿਆਣਾ ਤੋਂ ਸੰਮਨ ਜਾਰੀ ਕੀਤੇ ਸਨ, ਆਸ਼ੂ ਨੇ ਜਵਾਬ ਦਿੱਤਾ ਜੇ ਇਹ ਸੱਚਮੁੱਚ ਸੱਚ ਹੈ ਤਾਂ ਕੀ ਤੁਹਾਨੂੰ ਨਹੀਂ ਲੱਗਦਾ ਕਿ ਭਗਵੰਤ ਮਾਨ, ਜੋ ਕਿ ਮੁੱਖ ਮੰਤਰੀ ਹਨ ਤੇ ਗ੍ਰਹਿ ਤੇ ਵਿਜੀਲੈਂਸ ਵਿਭਾਗਾਂ ਦੇ ਮੁਖੀ ਹਨ, ਅਸਤੀਫਾ ਦੇਣ ਦੇ ਹੱਕਦਾਰ ਹਨ, ਕਿਉਂਕਿ ਉਨ੍ਹਾਂ ਦਾ ਆਪਣੇ ਵਿਭਾਗਾਂ ’ਤੇ ਕੋਈ ਕੰਟਰੋਲ ਨਹੀਂ ਹੈ। ਆਸ਼ੂ ਨੇ ਕਿਹਾ ਕਿ ‘ਆਪ’ ਪੂਰੀ ਤਰ੍ਹਾਂ ਨਿਰਾਸ਼ ਤੇ ਘਬਰਾਹਟ ’ਚ ਹੈ, ਕਿਉਂਕਿ ਉਨ੍ਹਾਂ ਨੂੰ ਆਪਣੇ ਪੈਰਾਂ ਹੇਠੋਂ ਜ਼ਮੀਨ ਖਿਸਕਦੀ ਮਹਿਸੂਸ ਹੋਣ ਲੱਗੀ ਹੈ। ਇਸ ਵੇਲੇ ‘ਆਪ’ ਉਮੀਦਵਾਰ ਤੀਜੇ ਸਥਾਨ ’ਤੇ ਹੈ ਤੇ ਤੁਹਾਨੂੰ ਕਦੇ ਨਹੀਂ ਪਤਾ ਕਿ ਉਸ ਦੀ ਕਿਸਮਤ ਚੌਥੇ ਸਥਾਨ ’ਤੇ ਹੋਰ ਵੀ ਡਿੱਗ ਸਕਦੀ ਹੈ। ਆਸ਼ੂ ਨੇ ਇਹ ਦਾਅਵਾ ਕਰਦੇ ਹੋਏ ਕਿ ‘ਆਪ’ ਉਮੀਦਵਾਰ ਨੇ ਆਪਣੇ ਨਜ਼ਦੀਕੀ ਸਾਥੀਆਂ ਨੂੰ ਦੱਸਿਆ ਸੀ ਕਿ ਉਸ ਨੇ ਚੋਣ ਰਾਜਨੀਤੀ ’ਚ ਬੇਲੋੜੀ ਛਾਲ ਮਾਰੀ ਹੈ ਤੇ ‘ਆ ਬੈਲ ਮੁਝੇ ਮਾਰ’ ਵਾਲੀ ਸਥਿਤੀ ’ਚ ਫਸ ਚੁੱਕੇ ਹਨ। ਆਸ਼ੂ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਨੇ ਪੰਜਾਬ ਸਰਕਾਰ ’ਚ ਵੱਖ-ਵੱਖ ਅਹੁਦਿਆਂ ’ਤੇ ਬਾਹਰੀ ਲੋਕਾਂ ਦੀ ਨਿਯੁਕਤੀ ਨੂੰ ਇਹ ਕਹਿ ਕੇ ਜਾਇਜ਼ ਠਹਿਰਾਇਆ ਹੈ ਕਿ ਇੱਕ ਜਗ੍ਹਾ ਤੋਂ ਪ੍ਰਤਿਭਾਸ਼ਾਲੀ ਲੋਕਾਂ ਨੂੰ ਦੂਜੀ ਜਗ੍ਹਾ ’ਤੇ ਤਾਇਨਾਤ ਕੀਤਾ ਜਾ ਸਕਦਾ ਹੈ ਤਾਂ ਆਸ਼ੂ ਨੇ ਮੁੱਖ ਮੰਤਰੀ ਨੂੰ ਸਵਾਲ ਕੀਤਾ ਹੈ ਕਿ ਮੁੱਖ ਮੰਤਰੀ ਪੰਜਾਬ ਦੱਸਣ ਕਿ ਕੀ ‘ਆਪ’ ਦੇ 15 ਸਾਲਾਂ ਦੇ ਰਾਜ ਦੌਰਾਨ ਦਿੱਲੀ ’ਚ ਕਦੇ ਪੰਜਾਬ ਤੋਂ ਕਿਸੇ ਪੰਜਾਬੀ ਦੀ ਨਿਯੁਕਤੀ ਹੋਈ ਹੈ, ਜੇਕਰ ਹੋਈ ਹੈ ਤਾਂ ਇੱਕ ਵੀ ਨਾਂ ਪੰਜਾਬ ਦੇ ਸਾਹਮਣੇ ਰੱਖੋ।



