
ਜਲੰਧਰ, 7 ਜੂਨ : ਅਰਬਨ ਅਸਟੇਟ-ਵਨ ਵਿੱਚੋਂ ਲੰਘਦੀਆਂ ਰੇਲਵੇ ਲਾਈਨਾਂ ਨੇੜੇ ਪਰਵਾਸੀ ਨੌਜਵਾਨ ਦੀ ਲਾਸ਼ ਦਰਖ਼ਤ ਨਾਲ ਲਟਕਦੀ ਮਿਲੀ ਹੈ। ਦੱਸਿਆ ਜਾ ਰਿਹਾ ਹੈ ਕਿ ਲਾਸ਼ ਨੂੰ ਸਭ ਤੋਂ ਪਹਿਲਾਂ ਲਾਈਨਮੈਨ ਨੇ ਦੇਖਿਆ ਅਤੇ ਉਸ ਨੇ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਣ ਤੇ ਏਸੀਪੀ ਰੂਪਦੀਪ ਕੌਰ ਤੇ ਥਾਣਾ 7 ਦੇ ਐਸਐਚਓ ਭੂਸ਼ਣ ਕੁਮਾਰ ਮੌਕੇ ਤੇ ਪਹੁੰਚੇ ਅਤੇ ਲਾਸ਼ ਉਤਾਰਨ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮੌਕੇ ਦੀ ਹੱਦ ਰੇਲਵੇ ਪੁਲਿਸ ਦੀ ਸੀ, ਇਸ ਲਈ ਰੇਲਵੇ ਪੁਲਿਸ ਨੂੰ ਸੂਚਿਤ ਕੀਤਾ ਗਿਆ। ਜਿਸ ਤੇ ਜੀਆਰਪੀ ਦੇ ਇੰਚਾਰਜ ਅਸ਼ੋਕ ਕੁਮਾਰ ਮੌਕੇ ਤੇ ਪਹੁੰਚੇ ਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਮ੍ਰਿਤਕ ਦੀ ਪਛਾਣ ਰਾਹੁਲ ਪੁੱਤਰ ਬੈਜ ਵਾਸੀ ਅਰਬਨ ਅਸਟੇਟ, ਮੂਲ ਰੂਪ ਵਿਚ ਬਹਿਰਾਈਚ, ਯੂਪੀ ਵਜੋਂ ਹੋਈ ਹੈ। ਮੌਕੇ ਤੇ ਮੌਜੂਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਇਕ ਲੜਕੀ ਦੇ ਰਿਸ਼ਤੇਦਾਰਾਂ ਤੇ ਰਾਹੁਲ ਦੀ ਹੱਤਿਆ ਦਾ ਦੋਸ਼ ਲਗਾਇਆ ਹੈ। ਥਾਣਾ ਜੀਆਰਪੀ ਇੰਚਾਰਜ ਅਸ਼ੋਕ ਕੁਮਾਰ ਨੇ ਕਿਹਾ ਕਿ ਹੁਣ ਤੱਕ ਦੀ ਜਾਂਚ ਵਿਚ ਖੁਦਕੁਸ਼ੀ ਦਾ ਕਾਰਨ ਇਕ ਲੜਕੀ ਨਾਲ ਪ੍ਰੇਮ ਸਬੰਧ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਇਸ ਕੇਸ ਦੀ ਉਹ ਡੂੰਘਾਈ ਨਾਲ ਜਾਂਚ ਕਰ ਰਹੇ ਹਨ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਤੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।



