Punjab

ਰੇਲਵੇ ਕਾਲੋਨੀ ‘ਚ 22 ਸਾਲਾ ਮੁਟਿਆਰ ਦੀ ਬੇਰਹਿਮੀ ਨਾਲ ਹੱਤਿਆ

ਝਾੜੀਆਂ 'ਚੋਂ ਮਿਲੀ ਲਾਸ਼; ਗਰਦਨ 'ਤੇ ਮਿਲੇ ਨਿਸ਼ਾਨ

ਬਠਿੰਡਾ, 28 ਦਸੰਬਰ : ਰੇਲਵੇ ਕਲੋਨੀ ਦੀ ਠੰਢੀ ਸੜਕ ਨੇੜੇ ਪੁਰਾਣੀ ਪੁਲਿਸ ਚੌਕੀ ਦੇ ਪਿੱਛੇ ਝਾੜੀਆਂ ‘ਚ 22 ਸਾਲਾ ਇਕ ਮੁਟਿਆਰ ਦੀ ਲਾਸ਼ ਮਿਲਣ ਨਾਲ ਇਲਾਕੇ ‘ਚ ਦਹਿਸ਼ਤ ਫੈਲ ਗਈ। ਮੁਟਿਆਰ ਦੀ ਤੇਜ਼ਧਾਰ ਹਥਿਆਰਾਂ ਨਾਲ ਬੇਰਹਿਮੀ ਨਾਲ ਹੱਤਿਆ ਕੀਤੀ ਗਈ ਹੈ। ਮ੍ਰਿਤਕਾ ਦੀ ਪਛਾਣ ਰਿਤਿਕਾ ਵਜੋਂ ਹੋਈ ਹੈ। ਸੂਚਨਾ ਮਿਲਦੇ ਹੀ ਪੁਲਿਸ ਦੇ ਉੱਚ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਐੱਸ.ਪੀ. (ਡੀ) ਜਸਮੀਤ ਸਿੰਘ, ਡੀ.ਐੱਸ.ਪੀ. (ਸਿਟੀ-1) ਅੰਮ੍ਰਿਤਪਾਲ ਭਾਟੀ, ਐੱਸ.ਪੀ. (ਸਿਟੀ) ਨਰਿੰਦਰ ਸਿੰਘ, ਥਾਣਾ ਕੈਨਾਲ ਦੇ ਐੱਸਐੱਚਓ ਤੇ ਸੀਆਈਏ 2 ਦੇ ਐੱਸਐੱਚਓ ਨੇ ਘਟਨਾ ਸਥਾਨ ਦਾ ਨਿਰੀਖਣ ਕੀਤਾ। ਪੁਲਿਸ ਨੇ ਲਾਸ਼ ਕਬਜ਼ੇ ‘ਚ ਲੈ ਕੇ ‘ਸਹਾਰਾ ਜਨ ਸੇਵਾ’ ਦੀ ਟੀਮ ਦੀ ਮਦਦ ਨਾਲ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਜਾਣਕਾਰੀ ਅਨੁਸਾਰ, ਸਥਾਨਕ ਠੰਢੀ ਸੜਕ ‘ਤੇ ਪੁਰਾਣੀ ਪੁਲਿਸ ਚੌਕੀ ਦੇ ਪਿੱਛੇ ਝਾੜੀਆਂ ‘ਚ ਇਕ ਲੜਕੀ ਦੀ ਲਾਸ਼ ਪਈ ਹੋਣ ਦੀ ਸੂਚਨਾ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਹੈਲਪਲਾਈਨ ਟੀਮ ਨੂੰ ਮਿਲੀ ਸੀ। ਜਿਸ ਤੋਂ ਬਾਅਦ ਸਹਾਰਾ ਟੀਮ ਦੇ ਮੈਂਬਰ ਸੰਦੀਪ ਗਿੱਲ ਘਟਨਾ ਸਥਾਨ ‘ਤੇ ਪਹੁੰਚੇ। ਥਾਣਾ ਕੈਨਾਲ ਦੇ ਐੱਸ.ਐੱਚ.ਓ. ਇੰਸਪੈਕਟਰ ਹਰਜੋਤ ਸਿੰਘ ਅਤੇ ਫੋਰੈਂਸਿਕ ਵਿਭਾਗ ਦੀ ਟੀਮ ਨੇ ਵੀ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਜਾਂਚ ਦੌਰਾਨ ਪਤਾ ਲੱਗਾ ਕਿ ਮ੍ਰਿਤਕ ਮੁਟਿਆਰ ਵਿਆਹੀ ਹੋਈ ਸੀ ਅਤੇ ਉਸ ਦਾ 2 ਸਾਲ ਦਾ ਬੱਚਾ ਵੀ ਹੈ। ਉਸ ਦੀ ਗਰਦਨ ‘ਤੇ ਨਿਸ਼ਾਨ ਪਾਏ ਗਏ ਹਨ। ਮ੍ਰਿਤਕਾ ਦਾ ਪਤੀ ਸਾਹਿਲ ਕੁਮਾਰ, ਵਾਸੀ ਅਰਜੁਨ ਨਗਰ, ਘਟਨਾ ਸਥਾਨ ‘ਤੇ ਮੌਜੂਦ ਸੀ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਰਿਤਿਕਾ ਪਿਛਲੇ ਦਿਨ ਤੋਂ ਘਰੋਂ ਗਾਇਬ ਸੀ। ਸਹਾਰਾ ਟੀਮ ਨੇ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਪਹੁੰਚਾਇਆ। ਪੁਲਿਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਪੁਲਿਸ ਅਨੁਸਾਰ ਮੌਤ ਦੇ ਅਸਲ ਕਾਰਨਾਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ।

Related Articles

Leave a Reply

Your email address will not be published. Required fields are marked *

Back to top button