
ਪੱਟੀ, 23 ਅਗਸਤ : ਪੱਟੀ ’ਚ ਇਕ ਵਿਅਕਤੀ ਨੂੰ ਰਸਤੇ ’ਚ ਰੋਕ ਕੇ ਤਿੰਨ ਜਣਿਆਂ ਵੱਲੋਂ ਕਥਿਤ ਤੌਰ ’ਤੇ ਫਾਇਰਿੰਗ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਾਲਾਂਕਿ ਗੋਲੀਬਾਰੀ ਦੌਰਾਨ ਉਕਤ ਵਿਅਕਤੀ ਵਾਲ ਵਾਲ ਬਚਿਆ। ਦੂਜੇ ਪਾਸੇ ਥਾਣਾ ਸਿਟੀ ਪੱਟੀ ਦੀ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗੁਰਲਾਭ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਸ਼ਹਾਬਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ ਲੰਘੀ ਸ਼ਾਮ ਕਰੀਬ 6 ਵਜੇ ਕਿਸੇ ਕੰਮ ਲਈ ਪੱਟੀ ਆ ਰਿਹਾ ਸੀ ਤਾਂ ਮਨਜੀਤ ਸਿੰਘ ਵਾਸੀ ਸੈਦਪੁਰ ਜੋ ਹੁਣ ਪੱਟੀ ਰਹਿੰਦਾ ਹੈ ਨੇ ਦੋ ਅਣਪਛਾਤਿਆਂ ਸਮੇਤ ਉਸਦਾ ਰਸਤਾ ਰੋਕ ਲਿਆ ਤੇ ਅੱਧਾ ਦਰਜਨ ਦੇ ਕਰੀਬ ਫਾਇਰ ਉਸ ਉੱਪਰ ਕੀਤੇ। ਉਸ ਨੇ ਲੁਕ ਕੇ ਆਪਣੀ ਜਾਨ ਬਚਾਈ। ਉਸਨੇ ਦੱਸਿਆ ਕਿ ਉਸਦਾ ਮਨਜੀਤ ਸਿੰਘ ਨਾਲ ਪੁਰਾਣਾ ਝਗੜਾ ਚੱਲਦਾ ਹੈ ਅਤੇ ਇਹ ਹਮਲਾ ਇਸੇ ਕਰਕੇ ਕੀਤਾ ਗਿਆ। ਜਾਂਚ ਅਧਿਕਾਰੀ ਏਐੱਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਮਨਜੀਤ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰਕੇ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਅਗਲੀ ਜਾਂਚ ਜਾਰੀ ਹੈ।



