ਰਾਵੀ ਦਰਿਆ ਤੇ ਤਾਰ ਪਾਰ ਖੇਤਾਂ ’ਚ ਖੜ੍ਹੇ ਪਾਣੀ ਨੇ ਜਵਾਨਾਂ ਦੀਆਂ ਵਧਾਈਆਂ ਮੁਸ਼ਕਲਾਂ, ਕਿਸ਼ਤੀਆਂ ਰਾਹੀਂ ਰਾਵੀ ਦਰਿਆ ’ਤੇ ਕੀਤੀ ਜਾ ਰਹੀ ਗਸ਼ਤ

ਡੇਰਾ ਬਾਬਾ ਨਾਨਕ, 16 ਜੁਲਾਈ : ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਨੂੰ ਖਤਮ ਕਰਨ ਲਈ ‘ਯੁੱਧ ਨਸ਼ਿਆਂ ਵਿਰੁੱਧ’ ਸ਼ੁਰੂ ਕੀਤਾ ਗਿਆ ਹੈ, ਉੱਥੇ ਪਾਕਿਸਤਾਨ ਵੱਲ ਬੈਠੇ ਤਸਕਰਾਂ ਵੱਲੋਂ ਭਾਰਤੀ ਖੇਤਰ ’ਚ ਡ੍ਰੋਨ ਰਾਹੀਂ ਭੇਜੀ ਜਾ ਰਹੀ ਹੈਰੋਇਨ ਤੇ ਹਥਿਆਰਾਂ ਦੀਆਂ ਖੇਪਾਂ ਨੂੰ ਰੋਕਣ ਲਈ ਸਰਹੱਦ ’ਤੇ ਤਾਇਨਾਤ ਬੀਐੱਸਐੱਫ ਦੇ ਜਵਾਨ ਪੂਰੀ ਤਰ੍ਹਾਂ ਚੌਕਸ ਹਨ। ਬਰਸਾਤੀ ਮੌਸਮ ਦੌਰਾਨ ਸਰਹੱਦ ਨੇੜਿਓਂ ਵਹਿੰਦੇ ਰਾਵੀ ਦਰਿਆ ਤੇ ਕੰਡਿਆਲੀ ਤਾਰ ਤੋਂ ਪਾਰ ਕਿਸਾਨਾਂ ਦੀਆਂ ਜ਼ਮੀਨਾਂ ’ਚ ਲਾਏ ਗਏ ਝੋਨੇ ਦੇ ਖੇਤਾਂ ’ਚ ਖੜ੍ਹਾ ਪਾਣੀ ਬੀਐੱਸਐੱਫ ਦੇ ਜਵਾਨਾਂ ਲਈ ਵੱਡੀ ਚੁਣੌਤੀ ਬਣਿਆ ਹੋਇਆ। ਇੱਥੇ ਦੱਸ ਦਈਏ ਕਿ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ’ਤੇ ਬੀਐੱਸਐੱਫ ਜੰਮੂ ਕਸ਼ਮੀਰ ਪਹਿਲਗਾਮ ਅੱਤਵਾਦੀ ਹਮਲੇ ਤੋਂ ਬਾਅਦ ਪੂਰੀ ਸਰਹੱਦ ’ਤੇ ਚੌਕਸ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਨਾਲ ਲੱਗ ਦੀ ਪੰਜਾਬ ਦੀ ਕਰੀਬ 553 ਕਿਲੋਮੀਟਰ ਲੰਮੀ ਸਰਹੱਦ ਨਾਲ ਸੰਬੰਧਿਤ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ ਦੀ ਸਰਹੱਦ ਨਾਲ ਲੱਗਦੇ ਰਾਵੀ ਦਰਿਆ ਤੇ ਫਿਰੋਜ਼ਪੁਰ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਤਲੁਜ ਦਰਿਆ ਦੇ ਪਾਣੀਆਂ ’ਤੇ ਬੀਐੱਸਐੱਫ ਦੇ ਜਵਾਨ ਅਤੇ ਬੀਐੱਸਐੱਫ ਦੇ ਵਾਟਰ ਵਿੰਗ ਪੈ ਰਹੀਆਂ ਬਾਰਿਸ਼ਾਂ ਦੌਰਾਨ ਦਰਿਆਵਾਂ ’ਚ ਕਿਸ਼ਤੀਆਂ ਰਾਹੀਂ ਪੈਟਰੋਲਿੰਗ ਤੇ ਦਰਿਆਵਾਂ ’ਤੇ ਪੈਂਦੇ ਸੰਵੇਦਨਸ਼ੀਲ ਥਾਵਾਂ ’ਤੇ ਤਸਕਰੀ ਰੋਕਣ ਲਈ ਬੋਟ ਨਾਕੇ ਲਗਾ ਕੇ ਦੇਸ਼ ਵਿਰੋਧੀ ਅਨਸਰਾਂ ’ਤੇ ਤਿੱਖੀ ਨਜ਼ਰ ਰੱਖੀ ਬੈਠੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਲੱਗਦੇ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਦੀ ਸਰਹੱਦ ਨੇੜਿਓਂ ਵਹਿੰਦੇ ਰਾਵੀ ਦਰਿਆ ਮਕੌੜਾ ਪੱਤਣ ਤੋਂ ਸ਼ੁਰੂ ਹੁੰਦਾ ਹੋਇਆ ਅੰਮ੍ਰਿਤਸਰ ਦੇ ਚੌਗਾਵਾਂ ਦੇ ਪਿੰਡ ਲੋਧੀ ਗੁੱਜਰ ਤੋਂ ਪਾਕਿਸਤਾਨ ’ਚ ਪ੍ਰਵੇਸ਼ ਕਰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ 70 ਕਿਲੋਮੀਟਰ ਤੇ ਪਠਾਨਕੋਟ ਦੇ 15 ਕਿਲੋਮੀਟਰ ਖੇਤਰ ਚੋਂ ਸੱਤ ਥਾਵਾਂ ’ਤੇ ਰਾਵੀ ਦਰਿਆ ਪਾਕਿਸਤਾਨ ਤੇ ਭਾਰਤ ‘ਚ ਦਾਖਲ ਹੁੰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਦੇ ਮਕੌੜਾ, ਆਦੀਆਂ, ਕਮਾਲਪੁਰ ਜੱਟਾਂ, ਚੰਦੂ ਵਡਾਲਾ, ਰੋਸਾ, ਮੋਮਨਪੁਰ, ਨੰਗਲੀ ਘਾਟ ਤੇ ਧਰਮਕੋਟ ਥਾਵਾਂ ਸੰਵੇਦਨਸ਼ੀਲ ਪੁਆਇੰਟ ਹਨ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਖੇਤਰ ’ਚੋਂ ਰਾਵੀ ਦਰਿਆ ਵਹਿੰਦਾ ਹੋਇਆ ਪਾਕਿਸਤਾਨ ’ਚ ਦਾਖਲ ਹੁੰਦਾ ਹੈ। ਜਦਕਿ ਫਿਰੋਜ਼ਪੁਰ ਖੇਤਰ ’ਚ ਸਤਲੁਜ ਦਰਿਆ ਕਈ ਥਾਵਾਂ ਤੇ ਪਾਕਿਸਤਾਨ ’ਚ ਦਾਖਲ ਹੋਣ ਤੋਂ ਬਾਅਦ ਭਾਰਤੀ ਖੇਤਰ ’ਚ ਆਉਂਦਾ ਹੈ। ਬਰਸਾਤੀ ਮੌਸਮ ਦੌਰਾਨ ਰਾਵੀ ਤੇ ਸਤਲੁਜ ਦਰਿਆ ਦੇ ਵਧੇ ਪਾਣੀਆਂ ਤੋਂ ਬਾਅਦ ਇਸ ਨਾਲ ਲੱਗਦੀ ਸਰਹੱਦ ਤੇ ਬੀਐੱਸਐੱਫ ਦੇ ਜਵਾਨ ਅਤੇ ਬੀਐੱਸਐੱਫ ਦਾ ਵਾਟਰ ਵਿੰਗ ਪੂਰੀ ਤਰ੍ਹਾਂ ਮੁਸਤੈਦ ਹੈ। ਇਸ ਤੋਂ ਇਲਾਵਾ ਕੰਡਿਆਲੀ ਤਾਰ ਤੋਂ ਪਾਰ ਪੈਂਦੀਆਂ ਜ਼ਮੀਨਾਂ ’ਚ ਕਿਸਾਨਾਂ ਵੱਲੋਂ ਵੱਡੇ ਪੱਧਰ ’ਤੇ ਕੀਤੀ ਗਈ ਝੋਨੇ ਦੀ ਬਿਜਾਈ ਕਾਰਨ ਝੋਨੇ ਦੇ ਖੇਤਾਂ ’ਚ ਖੜ੍ਹੇ ਪਾਣੀ ’ਚ ਜਵਾਨਾਂ ਨੂੰ ਗਸ਼ਤ ਕਰਨ ’ਚ ਵੱਡੀਆਂ ਕਠਿਨਾਈਆਂ ਆ ਰਹੀਆਂ ਹਨ।



